ਕੈਂਪਸ ਮੈਨੇਜਰਾਂ ਦੀ ਨਿਯੁਕਤੀ ਨਾਲ ਬਦਲਣ ਲੱਗੀ ਸਕੂਲਾਂ ਦੀ ਦਿੱਖ: ਹਰਜੋਤ ਸਿੰਘ ਬੈਂਸ

ਕੈਂਪਸ ਮੈਨੇਜਰ ਸੇਵਾ ਭਾਵਨਾ ਨਾਲ ਨਿਭਾਉਣ ਜਿੰਮੇਵਾਰੀ ਨੂੰ : ਸਕੂਲ ਸਿੱਖਿਆ ਮੰਤਰੀ

ਚੰਡੀਗੜ੍ਹ, 6 ਅਕਤੂਬਰ 2023 (ਦੀ ਪੰਜਾਬ ਵਾਇਰ) ।ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕੈਂਪਸ ਮੈਨੇਜਰਾਂ ਦੀ ਨਿਯੁਕਤੀ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਦਿੱਖ ਬਦਲਣ ਲੱਗੀ ਹੈ। ਉਹ ਅੱਜ ਇੱਥੇ ਕੈਂਪਸ ਮੈਨੇਜਰਾਂ ਦੀ ਇੱਕ ਰੋਜ਼ਾ ਟ੍ਰੇਨਿੰਗ ਦੀ ਪ੍ਰਧਾਨਗੀ ਕਰ ਰਹੇ ਸਨ।

ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਸ. ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਕਾਰਜਪ੍ਰਣਾਲੀ ਨੂੰ ਬਿਹਤਰੀਨ ਬਨਾਉਣ ਲਈ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਹੀ ਕੈਂਪਸ ਮੈਨੇਜਰਾਂ ਦੀ ਨਿਯੁਕਤੀ ਕੀਤੀ ਗਈ ਹੈ।

ਉਹਨਾਂ ਕਿਹਾ ਕਿ ਕੈਂਪਸ ਮੈਨੇਜਰ ਦੀ ਨਿਯੁਕਤੀ ਨਾਲ ਸਕੂਲ ਪ੍ਰਿੰਸੀਪਲ ‘ਤੇ ਸਕੂਲ ਦਾ ਸਾਂਭ-ਸੰਭਾਲ ਸਬੰਧੀ ਕੰਮ ਦਾ ਦਬਾਵ ਨਾ-ਮਾਤਰ ਹੀ ਰਹਿ ਗਿਆ ਹੈ, ਜਿਸ ਸਦਕੇ ਹੁਣ ਪ੍ਰਿੰਸੀਪਲ ਸਿਰਫ਼ ਵਿੱਚ ਵਿਦਿਅਕ ਮਾਹੌਲ ਨੂੰ ਸੁਧਾਰਨ ਦੀ ਦਿਸ਼ਾ ਵਿੱਚ ਹੀ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਕੈਂਪਸ ਮੈਨੇਜਰਾਂ ਦੀ ਨਿਯੁਕਤੀ ਦੇ ਅੱਛੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ।

ਸ. ਬੈਂਸ ਨੇ ਕਿਹਾ ਕਿ ਬੀਤੇ ਸਵਾ ਸਾਲ ਵਿੱਚ ਉਹਨਾਂ ਨੇ ਪੰਜਾਬ ਰਾਜ ਦੇ ਬਹੁਤ ਸਾਰੇ ਸਕੂਲਾਂ ਦਾ ਦੌਰਾ ਕੀਤਾ ਹੈ ਅਤੇ ਹੁਣ ਜਦੋਂ ਕੋਈ ਵਿਅਕਤੀ ਕਿਸੇ ਸਕੂਲ ਦਾ ਨਾਮ ਦਾ ਲੈਂਦਾ ਹੈ ਤਾਂ ਉਸ ਸਕੂਲ ਸਬੰਧੀ ਸਾਰੀਆਂ ਸਮੱਸਿਆਵਾਂ ਯਾਦ ਆ ਜਾਂਦੀਆਂ ਹਨ। ਉਹਨਾਂ ਕੈਂਪਸ ਮੈਨੇਜਰਾਂ ਨੂੰ ਅਪੀਲ ਕੀਤੀ ਕਿ ਉਹ ਸਕੂਲ ਪ੍ਰਿੰਸੀਪਲ ਦੀ ਬਾਂਹ ਬਣਕੇ ਕੰਮ ਕਰਨ ਅਤੇ ਸਕੂਲਾਂ ਨੂੰ ਬਿਹਤਰੀਨ ਦਿੱਖ ਪ੍ਰਦਾਨ ਕਰਨ।

ਸਕੂਲ ਸਿੱਖਿਆ ਮੰਤਰੀ ਨੇ ਕੈਂਪਸ ਮੈਨੇਜਰਾਂ ਨੂੰ ਨਵੀਂ ਜਿੰਮੇਵਾਰੀ ਨੂੰ ਸੇਵਾ ਭਾਵਨਾ ਨਾਲ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਸਕੂਲ ਵਿੱਚ ਵਿਦਿਆਰਥੀਆਂ ਲਈ ਸੁਰੱਖਿਅਤ ਮਾਹੌਲ ਪੈਦਾ ਕਰਨ ਅਤੇ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ। ਉਹਨਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਸਕੂਲਾਂ ਦੀ ਸਾਫ਼-ਸਫ਼ਾਈ ਲਈ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਗਈ ਹੈ ਜਿਸ ਦੀ ਵਰਤੋਂ ਕਰਦਿਆਂ ਸਕੂਲ ਬਾਥਰੂਮਾਂ ਦਾ ਸਾਫ਼ ਹੋਣਾ ਯਕੀਨੀ ਬਣਾਉਣਗੇ।

ਇਸ ਮੌਕੇ ਸਿੱਖਿਆ ਸਕੱਤਰ ਸ੍ਰੀ ਕਮਲ ਕਿਸ਼ੋਰ ਯਾਦਵ, ਡੀ.ਪੀ.ਆਈ. ਸਕੂਲ ਸ੍ਰੀ ਸੰਜੀਵ ਕੁਮਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਹਾਲੀ ਗਿੰਨੀ ਦੁੱਗਲ ਹਾਜ਼ਰ ਸਨ।

FacebookTwitterEmailWhatsAppTelegramShare
Exit mobile version