ਵਿਧਾਇਕ ਸ਼ੈਰੀ ਕਲਸੀ ਤੇ ਏ.ਡੀ.ਸੀ ਸੁਭਾਸ਼ ਚੰਦਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਉਦਘਾਟਨ

ਖੇਡਾਂ ਦੇ ਖੇਤਰ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਕੇ ਉਭਰੇਗਾ – ਵਿਧਾਇਕ ਸ਼ੈਰੀ ਕਲਸੀ

ਗੁਰਦਾਸਪੁਰ, 28 ਸਤੰਬਰ 2023 (ਦੀ ਪੰਜਾਬ ਵਾਇਰ )। ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਤਹਿਤ ਅੱਜ ਸ਼ਹੀਦ ਨਵਦੀਪ ਸਿੰਘ ਸਟੇਡੀਅਮ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦਾ ਸ਼ਾਨਦਾਰ ਅਗਾਜ਼ ਹੋਇਆ। ਬਟਾਲਾ ਦੇ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ (ਸ਼ੈਰੀ ਕਲਸੀ), ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ, ਜ਼ਿਲ੍ਹਾ ਖੇਡ ਅਫ਼ਸਰ ਸ. ਸਿਮਰਨਜੀਤ ਸਿੰਘ ਰੰਧਾਵਾ ਨੇ ਰੰਗ-ਬਿਰੰਗੇ ਗੁਬਾਰੇ ਛੱਡ ਕੇ ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ।

ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦਾ ਉਦਘਾਟਨ ਕਰਦਿਆਂ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਯਤਨਾਂ ਸਦਕਾ ਪੰਜਾਬ ਵਿੱਚ ਪਿਛਲੇ ਸਾਲ ਤੋਂ ਖੇਡਾਂ ਦਾ ਨਵਾਂ ਦੌਰ ਸ਼ੁਰੂ ਹੋਇਆ ਹੈ ਅਤੇ ਹੁਣ ਪੰਜਾਬ ਦੇ ਨੌਜਵਾਨ ਖੇਡਾਂ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਸਾਲ ਹੋਣ ਵਾਲੇ ਖੇਡਾਂ ਵਤਨ ਪੰਜਾਬ ਦੀਆਂ ਖੇਡ ਮੁਕਾਬਲਿਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਵੀਂ ਸੇਧ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਖੇਡਾਂ ਦੇ ਖੇਤਰ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਕੇ ਉਭਰੇਗਾ।

ਸ੍ਰੀ ਕਲਸੀ ਨੇ ਕਿਹਾ ਕਿ 28 ਸਤੰਬਰ ਤੋਂ 5 ਅਕਤੂਬਰ 2023 ਤੱਕ ਹੋਣ ਵਾਲੇ ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਐਥਲੈਟਿਕਸ, ਜੂਡੋ, ਖੋ-ਖੋ, ਬੈਡਮਿੰਟਨ, ਵਾਲੀਬਾਲ (ਸ਼ੂਟਿੰਗ ਅਤੇ ਸਮੈਸਿੰਗ), ਫੁੱਟਬਾਲ, ਹਾਕੀ, ਹੈਂਡਬਾਲ, ਵੇਟਲਿਫਟਿੰਗ, ਪਾਵਰਲਿਫਟਿੰਗ, ਸ਼ੂਟਿੰਗ, ਬਾਸਟਿਕਬਾਲ, ਕੁਸ਼ਤੀ, ਕਬੱਡੀ (ਨੈਸ਼ਨਲ ਅਤੇ ਸਰਕਲ ਸਟਾਇਲ) ਕਿੱਕ ਬਾਕਸਿੰਗ, ਬਾਕਸਿੰਗ, ਗੱਤਕਾ, ਟੇਬਲ ਟੈਨਿਸ, ਚੈੱਸ, ਸਾਫਟਬਾਲ, ਸਵਿਮਿੰਗ, ਲਆਨ ਟੈਨਿਸ ਅਤੇ ਨੈੱਟਬਾਲ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਖਿਡਾਰੀਆਂ ਨੂੰ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਖੇਡ ਭਾਵਨਾ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਜ਼ਿਲ੍ਹਾ ਪੱਧਰੀ ਖੇਡਾਂ ਦੇ ਅਗਾਜ਼ ਮੌਕੇ ਮੁੱਖ ਮਹਿਮਾਨ ਸ੍ਰੀ ਸ਼ੈਰੀ ਕਲਸੀ ਤੇ ਏ.ਡੀ.ਸੀ. ਵੱਲੋਂ ਅਥੈਲੈਟਿਕਸ ਦੇ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ ਅਤੇ ਜੇਤੂ ਖਿਡਾਰੀਆਂ ਨੂੰ ਮੈਡਲ ਤਕਸੀਮ ਕੀਤੇ।

ਖੇਡਾਂ ਦੀ ਮਹੱਤਤਾ ਬਾਰੇ ਗੱਲ ਕਰਿਦਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ ਨੇ ਕਿਹਾ ਕਿ ਖੇਡਾਂ ਨਾ ਸਿਰਫ ਸਾਨੂੰ ਤੰਦਰੁਸਤ ਰੱਖਦੀਆਂ ਹਨ ਬਲਕਿ ਇਹ ਅਨੁਸ਼ਾਸਨ ਅਤੇ ਜੀਵਨ ਜਾਚ ਵੀ ਸਿਖਾਉਂਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ‘ਖੇਡਾਂ ਵਤਨ ਪੰਜਾਬ ਦੀਆਂ’ ਨਾਲ ਜੁੜ ਕੇ ਰੰਗਲਾ ਪੰਜਾਬ ਸਿਰਜਣ ਵਿੱਚ ਆਪਣਾ ਯੋਗਦਾਨ ਪਾਉਣ।

FacebookTwitterEmailWhatsAppTelegramShare
Exit mobile version