ਵਿਰਾਸਤੀ ਮੰਚ ਬਟਾਲਾ ਵੱਲੋਂ ਮਹਾਰਾਜਾ ਸ਼ੇਰ ਸਿੰਘ ਨੂੰ ਬਰਸੀ ਮੌਕੇ ਨਿੱਘੀ ਸ਼ਰਧਾਂਜਲੀ

ਬਟਾਲਾ/ਗੁਰਦਾਸਪੁਰ, 16 ਸਤੰਬਰ 2023 (ਦੀ ਪੰਜਾਬ ਵਾਇਰ )। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ, ਰਾਣੀ ਮਹਿਤਾਬ ਕੌਰ ਦੇ ਸਪੁੱਤਰ ਅਤੇ ਸਰਦਾਰਨੀ ਸਦਾ ਕੌਰ ਦੇ ਦੋਹਤਰੇ ਮਹਾਰਾਜਾ ਸ਼ੇਰ ਸਿੰਘ ਜੋ ਕਿ ਬਟਾਲਾ ਦੇ ਜੰਮਪਲ ਸਨ, ਬੀਤੀ ਸ਼ਾਮ ਉਨ੍ਹਾਂ ਦੀ ਬਰਸੀ ਮੌਕੇ ਬਟਾਲਾ ਵਾਸੀਆਂ ਵੱਲੋਂ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਵਿਰਾਸਤੀ ਮੰਚ ਬਟਾਲਾ ਦੇ ਪ੍ਰਧਾਨ ਸ. ਬਲਦੇਵ ਸਿੰਘ ਰੰਧਾਵਾ, ਸੀਨੀਅਰ ਆਗੂ ਐਡਵੋਕੇਟ ਐੱਚ.ਐੱਸ. ਮਾਂਗਟ, ਗਿਆਨੀ ਹਰਬੰਸ ਸਿੰਘ, ਸ਼ੇਰੇ ਪੰਜਾਬ ਸਿੰਘ ਕਾਹਲੋਂ, ਇੰਦਰਜੀਤ ਸਿੰਘ ਹਰਪੁਰਾ, ਠੇਕੇਦਾਰ ਕੁਲਵਿੰਦਰ ਸਿੰਘ ਲਾਡੀ ਜੱਸਲ, ਪ੍ਰੋ. ਜਸਬੀਰ ਸਿੰਘ, ਆਰਕੀਟੈਕਟ ਅਸ਼ੋਕ ਕੁਮਾਰ, ਅਨੁਰਾਗ ਮਹਿਤਾ, ਨਿਰਗੁਣ ਸਿੰਘ, ਰਾਜਬੀਰ ਸਿੰਘ, ਵਿਕਾਸ ਮਹਿਤਾ, ਕੁਲਦੀਪ ਸਿੰਘ ਕਾਹਲੋਂ ਸਮੇਤ ਬਟਾਲਾ ਦੇ ਵਾਸੀਆਂ ਵੱਲੋਂ ਮਹਾਰਾਜਾ ਸ਼ੇਰ ਸਿੰਘ ਦੇ ਬਟਾਲਾ ਸਥਿਤ ਪੈਲੇਸ ਦੇ ਸਾਹਮਣੇ ਸਾਦਾ ਪਰ ਪ੍ਰਭਾਵਸ਼ਾਲੀ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਮੌਕੇ ਐਡਵੋਕੇਟ ਐੱਚ.ਐੱਸ. ਮਾਂਗਟ, ਗਿਆਨੀ ਹਰਬੰਸ ਸਿੰਘ ਅਤੇ ਇੰਦਰਜੀਤ ਸਿੰਘ ਹਰਪੁਰਾ ਵੱਲੋਂ ਮਹਾਰਾਜਾ ਸ਼ੇਰ ਸਿੰਘ ਦੇ ਜੀਵਨ ਬਾਰੇ ਰੌਸ਼ਨੀ ਪਾਈ ਗਈ।

ਇੰਦਰਜੀਤ ਸਿੰਘ ਹਰਪੁਰਾ ਨਾ ਕਿਹਾ ਕਿ ਮਹਾਰਾਜਾ ਸ਼ੇਰ ਸਿੰਘ ਦਾ ਬਟਾਲਾ ਸ਼ਹਿਰ ਨਾਲ ਬਹੁਤ ਨੇੜੇ ਦਾ ਸਬੰਧ ਰਿਹਾ ਹੈ। ਸੰਨ 1807 ਵਿੱਚ ਸ਼ੇਰ ਸਿੰਘ ਦਾ ਜਨਮ ਬਟਾਲਾ ਸ਼ਹਿਰ ਵਿਖੇ ਹੋਇਆ ਸੀ। ਉਸਦਾ ਬਚਪਨ ਵੀ ਬਟਾਲਾ ਵਿਖੇ ਬੀਤਿਆ ਅਤੇ ਜਵਾਨ ਹੋਣ `ਤੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਬਟਾਲਾ ਰਿਆਸਤ ਦੀ ਕਮਾਂਡ ਦਿੱਤੀ। ਸ਼ੇਰ ਸਿੰਘ ਨੇ ਬਟਾਲਾ ਸ਼ਹਿਰ ਵਿੱਚ ਆਪਣੀ ਰਿਹਾਇਸ਼ ਦੀਆਂ ਦੋ ਇਤਿਹਾਸਕ ਇਮਾਰਤਾਂ ਬਣਾਈਆਂ ਜਿਨ੍ਹਾਂ ਵਿੱਚ ਇੱਕ ਬੇਰਿੰਗ ਕਾਲਜ ਸਥਿਤ ਮਹਾਰਾਜਾ ਸ਼ੇਰ ਸਿੰਘ ਪੈਲੇਸ ਅਤੇ ਦੂਸਰੀ ਜਲ ਮਹਿਲ ਵਿੱਚ ਇਤਿਹਾਸਕ ਬਾਰਾਂਦਰੀ ਸ਼ਾਮਿਲ ਹੈ। ਇਸ ਤੋਂ ਇਲਾਵਾ ਸ਼ੇਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਅਸਥਾਨ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਅਤੇ ਮਾਤਾ ਕਾਲੀ ਦੁਆਰਾ ਦੇ ਮੰਦਰ ਦੀ ਸੇਵਾ ਵੀ ਕਰਵਾਈ ਸੀ।

ਗਿਆਨੀ ਹਰਬੰਸ ਸਿੰਘ ਨੇ ਦੱਸਿਆ ਕਿ ਮਹਾਰਾਜਾ ਸ਼ੇਰ ਸਿੰਘ ਆਪਣੇ ਪੈਲੇਸ ਤੋਂ ਬਟਾਲਾ ਸ਼ਹਿਰ ਜਿਸ ਦਰਵਾਜ਼ੇ ਰਾਹੀਂ ਬਟਾਲਾ ਸ਼ਹਿਰ ਦੇ ਅੰਦਰ ਪਰਵੇਸ਼ ਕਰਦੇ ਸਨ ਉਸ ਦਰਵਾਜ਼ੇ ਦਾ ਨਾਮ ਵੀ ਮਹਾਰਾਜਾ ਸ਼ੇਰ ਸਿੰਘ ਦਰਵਾਜ਼ਾ ਸੀ ਜਿਸਨੂੰ ਅੱਜ-ਕੱਲ ਖਜ਼ੂਰੀ ਗੇਟ ਕਿਹਾ ਜਾਂਦਾ ਹੈ।

ਐਡਵੋਕੇਟ ਐੱਚ ਐੱਸ ਮਾਂਗਟ ਨੇ ਕਿਹਾ ਕਿ ਲਾਹੌਰ ਦਾ ਮਹਾਰਾਜਾ ਬਣਨ ਤੱਕ ਮਹਾਰਾਜਾ ਸ਼ੇਰ ਸਿੰਘ ਬਟਾਲਾ ਸ਼ਹਿਰ ਹੀ ਰਹੇ ਅਤੇ ਜਦੋਂ ਉਨ੍ਹਾਂ ਲਾਹੌਰ ਦਾ ਮਹਾਰਾਜਾ ਬਣਨ ਲਈ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਲਾਹੌਰ ਵੱਲ ਕੂਚ ਵੀ ਬਟਾਲਾ ਤੋਂ ਹੀ ਕੀਤਾ ਸੀ। ਮਹਾਰਾਜਾ ਸ਼ੇਰ ਸਿੰਘ ਦਾ ਬਟਾਲਾ ਸ਼ਹਿਰ ਨਾਲ ਬਹੁਤ ਨੇੜ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਵਿਰਾਸਤੀ ਮੰਚ ਬਟਾਲਾ ਵੱਲੋਂ ਮਹਾਰਾਜਾ ਸ਼ੇਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਟਿੱਕਾ ਪ੍ਰਤਾਪ ਸਿੰਘ ਨੂੰ ਉਨ੍ਹਾਂ ਦੀ ਬਰਸੀ ਮੌਕੇ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਇਸ ਮੌਕੇ ਮਹਾਰਾਜਾ ਸ਼ੇਰ ਸਿੰਘ ਪੈਲੇਸ ਦੀ ਬਾਹਰੀ ਕੰਧ ਉੱਪਰ ਮੋਮਬੱਤੀਆਂ ਜਗਾ ਕੇ ਪੰਜਾਬ ਦੇ ਮਹਾਰਾਜੇ ਨੂੰ ਯਾਦ ਕੀਤਾ ਗਿਆ।

Exit mobile version