2 ਤੋਂ 10 ਸਤੰਬਰ ਤੱਕ ਹੋਣਗੇ ਖੇਡਾਂ ਵਤਨ ਪੰਜਾਬ ਦੀਆਂ ਦੇ ਬਲਾਕ ਪੱਧਰੀ ਮੁਕਾਬਲੇ

2 ਸਤੰਬਰ ਨੂੰ ਕਾਦੀਆਂ, ਬਟਾਲਾ ਅਰਬਨ, ਧਾਰੀਵਾਲ ਅਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਬਲਾਕਾਂ ਦੇ ਮੁਕਾਬਲੇ ਹੋਣਗੇ

ਖੇਡਾਂ ਵਤਨ ਪੰਜਾਬ ਦੇ ਬਲਾਕ ਪੱਧਰੀ ਮੁਕਾਬਲਿਆਂ ਲਈ ਜ਼ਿਲ੍ਹਾ ਗੁਰਦਾਸਪੁਰ ਪੂਰੀ ਤਰਾਂ ਤਿਆਰ

ਗੁਰਦਾਸਪੁਰ, 1 ਸਤੰਬਰ 2023 (ਦੀ ਪੰਜਾਬ ਵਾਇਰ )। ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-2 ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਲਾਕ ਪੱਧਰੀ ਮੁਕਾਬਲੇ 2 ਸਤੰਬਰ ਨੂੰ ਸ਼ੁਰੂ ਹੋ ਰਹੇ ਹਨ। ਇਨ੍ਹਾਂ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਫੁੱਟਬਾਲ, ਕਬੱਡੀ (ਨੈਸ਼ਨਲ ਸਟਾਈਲ), ਕਬੱਡੀ (ਸਰਕਲ ਸਟਾਈਲ), ਖੋ-ਖੋ, ਅਥਲੈਟਿਕਸ, ਵਾਲੀਬਾਲ (ਸਮੈਸਿੰਗ) ਵਾਲੀਬਾਲ (ਸ਼ੂਟਿੰਗ) ਅਤੇ ਰੱਸਾ-ਕੱਸੀ ਦੇ ਵੱਖ-ਵੱਖ ਉਮਰ ਵਰਗ (ਲੜਕੇ-ਲੜਕੀਆਂ) ਵਿੱਚ ਮੁਕਾਬਲੇ ਹੋਣਗੇ। ਇਹ ਮੁਕਾਬਲੇ 2 ਸਤੰਬਰ ਤੋਂ ਸ਼ੁਰੂ ਹੋ ਕੇ 10 ਸਤੰਬਰ ਤੱਕ ਚੱਲਣਗੇ।

ਬਲਾਕ ਪੱਧਰੀ ਖੇਡ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਾਦੀਆਂ ਬਲਾਕ ਦੇ ਮੁਕਾਬਲੇ 2 ਤੋਂ 4 ਸਤੰਬਰ ਤੱਕ ਬਾਬਾ ਰਾਮ ਥੰਮਣ ਯਾਦਗਾਰੀ ਸਟੇਡੀਅਮ ਖੁਜਾਲਾ ਵਿਖੇ ਹੋਣਗੇ, ਸ੍ਰੀ ਹਰਗੋਬਿੰਦਪੁਰ ਸਾਹਿਬ ਬਲਾਕ ਦੇ ਮੁਕਾਬਲੇ ਚੀਮਾਂ ਪਬਲਿਕ ਸਕੂਲ ਕਿਸ਼ਨਕੋਟ ਵਿਖੇ, ਬਟਾਲਾ ਅਰਬਨ ਦੇ ਮੁਕਾਬਲੇ ਆਈ.ਟੀ.ਆਈ. ਬਟਾਲਾ ਵਿਖੇ ਅਤੇ ਧਾਰੀਵਾਲ ਬਲਾਕ ਦੇ ਮੁਕਾਬਲੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਘੁੰਮਣ ਕਲਾਂ ਵਿਖੇ ਹੋਣਗੇ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ 5 ਤੋਂ 7 ਸਤੰਬਰ ਤੱਕ ਬਟਾਲਾ ਰੂਰਲ ਦੇ ਬਲਾਕ ਪੱਧਰੀ ਮੁਕਾਬਲੇ ਉਲੰਪੀਅਨ ਕੰਵਲਜੀਤ ਸਿੰਘ ਸਟੇਡੀਅਮ ਕੋਟਲਾ ਸ਼ਾਹੀਆਂ, ਡੇਰਾ ਬਾਬਾ ਨਾਨਕ ਬਲਾਕ ਦੇ ਮੁਕਾਬਲੇ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਡੇਰਾ ਬਾਬਾ ਨਾਨਕ, ਗੁਰਦਾਸਪੁਰ ਬਲਾਕ ਦੇ ਮੁਕਾਬਲੇ ਸ਼ਹੀਦ ਨਵਦੀਪ ਸਿੰਘ ਸਟੇਡੀਅਮ ਸਰਕਾਰੀ ਕਾਲਜ ਗੁਰਦਾਸਪੁਰ ਅਤੇ ਕਾਹਨੂੰਵਾਨ ਬਲਾਕ ਦੇ ਮੁਕਾਬਲੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਾਲਾ ਬਾਲਾ ਵਿਖੇ ਹੋਣਗੇ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ 8 ਤੋਂ 10 ਸਤੰਬਰ ਤੱਕ ਦੀਨਾਨਗਰ ਬਲਾਕ ਦੇ ਮੁਕਾਬਲੇ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੀਆਂ ਦੀਨਾਨਗਰ, ਦੋਰਾਂਗਲਾ ਬਲਾਕ ਦੇ ਮੁਕਾਬਲੇ ਨਵਦਿਆ ਸਕੂਲ ਪਿੰਡ ਦਬੂੜੀ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਝਬਕਰਾ, ਕਲਾਨੌਰ ਬਲਾਕ ਦੇ ਖੇਡ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੇਡੀਅਮ ਕਲਾਨੌਰ ਅਤੇ ਫ਼ਤਹਿਗੜ੍ਹ ਚੂੜੀਆਂ ਬਲਾਕ ਦੇ ਮੁਕਾਬਲੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਾਲਾ ਅਫ਼ਗਾਨਾ (ਆਜ਼ਮਪੁਰ) ਵਿਖੇ ਹੋਣਗੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਬਲਾਕ ਪੱਧਰੀ ਮੁਕਾਬਲਿਆਂ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 2 ਸਤੰਬਰ ਤੋਂ ਪੂਰੀ ਸ਼ਾਨੋ-ਸ਼ੌਕਤ ਨਾਲ ਬਲਾਕ ਪੱਧਰੀ ਮੁਕਾਬਲੇ ਸ਼ੁਰੂ ਹੋ ਜਾਣਗੇ। ਉਨ੍ਹਾਂ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਵੱਧ-ਚੜ੍ਹ ਕੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਦਰਸ਼ਕਾਂ ਨੂੰ ਵੀ ਕਿਹਾ ਹੈ ਕਿ ਉਹ ਖੇਡ ਮੈਦਾਨਾਂ ਵਿੱਚ ਜਾ ਨੌਜਵਾਨ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਵੀ ਜਰੂਰ ਕਰਨ।

FacebookTwitterEmailWhatsAppTelegramShare
Exit mobile version