ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਹੜ੍ਹ ਪ੍ਰਭਾਵਿਤ ਵਿਅਕਤੀਆਂ ਨੂੰ ਦਿੱਤੀ ਗਈ ਰਾਹਤ ਸਮੱਗਰੀ

ਗੁਰਦਾਸਪੁਰ, 28 ਅਗਸਤ 2023 ( ਦੀ ਪੰਜਾਬ ਵਾਇਰ) । ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਆਈ.ਏ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਤ ਖੇਤਰ ਵਿੱਚ ਲੋਕਾਂ ਨੂੰ ਲਗਾਤਾਰ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ। ਹੜ੍ਹ ਪ੍ਰਭਾਵਤ ਪਰਿਵਾਰਾਂ ਦੇ ਲਈ ਸ੍ਰੀਮਤੀ ਰੀਨਾ ਤਲਵਾੜ, ਪ੍ਰਿੰਸੀਪਲ, ਸਾਂਤੀ ਦੇਵੀ ਮਹਿਲਾ ਕਾਲਜ, ਦੀਨਾਨਗਰ ਵੱਲੋਂ ਉਹਨਾਂ ਦੇ ਕਾਲਜ ਵਿਚ ਪੜ੍ਹ ਰਹੀਆਂ ਵਿਦਿਆਰਥਣਾਂ ਦੀ ਤਰਫੋਂ 50 ਦੇ ਕਰੀਬ ਰਾਸ਼ਨ ਦੀਆਂ ਕਿੱਟਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਬ ਡਵੀਜਨ ਦੀਨਾਨਗਰ ਵਿਚ ਪੈਂਦੇ ਹੜ੍ਹ ਨਾਲ ਪੀੜ੍ਹਤ ਪਿੰਡਾਂ ਦੇ ਪਰਿਵਾਰ ਜੋ ਕਿ ਧੁੱਸੀ ਬੰਨ ’ਤੇ ਰਹਿ ਰਹੇ ਹਨ ਨੂੰ ਵੰਡੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਸਕੱਤਰ ਸ੍ਰੀ ਰਾਜੀਵ ਸਿੰਘ, ਪ੍ਰੋ. ਸੰਗੀਤਾ ਮਲਹੋਤਰਾ ਅਤੇ ਪ੍ਰੋ. ਸੁਨੀਤਾ ਵਰਮਾ ਅਤੇ ਸਕੂਲ ਦੀਆਂ ਅੱੈਨ.ਅੱੈਸ.ਐੱਸ ਦੀਆਂ ਲੜਕੀਆਂ ਵੱਲੋਂ ਇਹਨਾਂ ਥਾਵਾਂ ’ਤੇ ਜਾ ਕੇ ਇਹ ਸਮਾਨ ਦਿੱਤਾ ਗਿਆ।

ਸਕੱਤਰ ਰਾਜੀਵ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਸਹਿਯੋਗੀ ਸੱਜਣਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲੋੜਵੰਦਾਂ ਤੱਕ ਮਦਦ ਪਹੁੰਚਾਉਣ ਦਾ ਸਿਲਸਲਾ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲੋੜ ਦਾ ਸਮਾਨ ਦੇਣ ਦੇ ਨਾਲ ਦਵਾਈਆਂ ਅਤੇ ਉਨ੍ਹਾਂ ਦੇ ਜਾਨਵਰਾਂ ਲਈ ਹਰੇ ਤੇ ਸੁੱਕੇ ਚਾਰੇ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਸ਼ਾਂਤੀ ਦੇਵੀ ਮਹਿਲਾ ਕਾਲਜ ਦੀਨਾਨਗਰ ਦੇ ਪ੍ਰਬੰਧਕਾਂ ਅਤੇ ਵਿਦਿਆਰਥਣਾਂ ਦਾ ਰਾਹਤ ਸਮੱਗਰੀ ਦੇਣ ਲਈ ਧੰਨਵਾਦ ਕੀਤਾ।

ਇਹ ਰਾਹਤ ਸਮੱਗਰੀ ਨੂੰ ਪ੍ਰਾਪਤ ਕਰਨ ਉਪਰੰਤ ਹੜ੍ਹ ਪ੍ਰਭਾਵਤ ਵਿਅਕਤੀਆਂ ਵੱਲੋ ਦਾਨੀ ਸੱਜਣਾਂ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਸਮੇਤ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜੋ ਦਿਨ-ਰਾਤ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਕੰਮ ਕਰ ਰਹੇ ਹਨ।

Exit mobile version