ਸਦਾਬਹਾਰ ਫ਼ਲਦਾਰ ਬੂਟੇ ਨਿੰਬੂ ਜਾਤੀ, ਅੰਬ, ਲੀਚੀ, ਅਮਰੂਦ, ਲੁਕਾਠ, ਪਪੀਤਾ, ਚੀਕੂ ਆਦਿ ਲਗਾਉਣ ਲਈ ਅਗਸਤ ਦਾ ਮਹੀਨਾ ਬਹੁਤ ਹੀ ਢੁੱਕਵਾਂ – ਬਾਗਬਾਨੀ ਵਿਭਾਗ

ਗੁਰਦਾਸਪੁਰ, 4 ਅਗਸਤ 2023 (ਦੀ ਪੰਜਾਬ ਵਾਇਰ) । ਸਦਾਬਹਾਰ ਫ਼ਲਦਾਰ ਬੂਟੇ ਜਿਵੇਂ ਨਿੰਬੂ ਜਾਤੀ, ਅੰਬ, ਲੀਚੀ, ਅਮਰੂਦ, ਲੁਕਾਠ, ਪਪੀਤਾ, ਚੀਕੂ ਆਦਿ ਲਗਾਉਣ ਲਈ ਅਗਸਤ ਦਾ ਮਹੀਨਾ ਬਹੁਤ ਹੀ ਢੁੱਕਵਾਂ ਹੈ, ਇਸ ਲਈ ਅਗਸਤ ਮਹੀਨੇ ਕਿਸਾਨਾਂ ਨੂੰ ਆਪਣਾ ਕੁਝ ਖੇਤੀ ਰਕਬਾ ਬਾਗਾਂ ਦੇ ਹੇਠਾਂ ਲਿਆਉਣਾ ਚਾਹੀਦਾ ਹੈ। ਕਿਸਾਨਾਂ ਨੂੰ ਇਹ ਅਪੀਲ ਕਰਦਿਆਂ ਬਟਾਲਾ ਦੇ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਤਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਬਰਸਾਤਾਂ ਦੇ ਮੌਸਮ ਵਿੱਚ ਬਾਗਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨਾਂ ਕਿਹਾ ਕਿ ਬਾਗਾਂ ਵਿੱਚ ਬਹੁਤ ਦੇਰ ਖੜਾ ਪਾਣੀ ਖਰਾਬੀ ਕਰ ਸਕਦਾ ਹੈ, ਸੋ ਵਾਧੂ ਪਾਣੀ ਕੱਢਣ ਦਾ ਢੁੱਕਵਾਂ ਪ੍ਰਬੰਧ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਜਿਆਦਾ ਪਾਣੀ ਖੜਨ ਕਾਰਨ ਬੂਟਿਆਂ ਖਾਸ ਕਰਕੇ ਪਪੀਤਾ, ਨਾਸ਼ਪਾਤੀ ਅਤੇ ਆੜੂ ਦੀਆਂ ਜੜਾਂ ਗਲਣ ਦੀ ਸਿਕਾਇਤ ਹੋ ਸਕਦੀ ਹੈ, ਇਸ ਲਈ ਇਨਾਂ ਬੂਟਿਆਂ ਦੁਆਲਿਓ ਜਿੰਨੀ ਛੇਤੀ ਹੋ ਸਕੇ, ਪਾਣੀ ਕੱਢ ਦਿਓ ਅਤੇ ਵੱਤਰ ਆਉਣ ਤੇ ਹਲਕੀ ਗੋਡੀ ਕਰੋ।

ਡਿਪਟੀ ਡਾਇਰੈਕਟਰ ਸ. ਤਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਨਿੰਬੂ ਜਾਤੀ ਦੇ ਬੂਟਿਆਂ ਵਿੱਚ ਜ਼ਿੰਕ ਅਤੇ ਮੈਂਗਨੀਜ ਦੀ ਘਾਟ ਦੀ ਪੂਰਤੀ ਲਈ ਜ਼ਿੰਕ ਸਲਫੇਟ (4.70 ਗ੍ਰਾਮ ਪ੍ਰਤੀ ਲਿਟਰ ਪਾਣੀ) ਅਤੇ ਮੈਗਨੀਜ਼ ਸਲਫੇਟ (3.30 ਗ੍ਰਾਮ ਪ੍ਰਤੀ ਲਿਟਰ ਪਾਣੀ) ਨੂੰ ਮਿਲਾ ਕੇ ਛਿੜਕਾਅ ਕਰਨੀ ਚਾਹੀਦੀ ਹੈ। ਨਿੰਬੂ ਜਾਤੀ ਦੇ ਫਲਾਂ ਦੇ ਕੇਰੇ ਨੂੰ ਰੋਕਣ ਲਈ 2.4-ਡੀ ਸੋਡੀਅਮ ਸਾਲਟ (ਹਾਰਟੀਕਲਚਰਲ ਗ੍ਰੇਡ) 5 ਗ੍ਰਾਮ ਦਾ ਛਿੜਕਾਅ 500 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ। ਬੋਰਡੋ ਮਿਸਰਣ (2:2:250) ਦਾ ਛਿੜਕਾਅ ਸੰਤਰੇ, ਮਾਲਟੇ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਕਰੋ। ਨਿੰਬੂ ਜਾਤੀ ਦੇ ਪੈਰ ਗਲਣ ਦੇ ਰੋਗ ਨੂੰ ਰੋਕਣ ਲਈ ਸੋਡੀਅਮ ਹਾਈਪੋਕਲੋਰਾਈਟ (5 ਫੀਸਦੀ) ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਬੂਟਿਆਂ ਦੀ ਛੱਤਰੀ ਹੇਠ ਮਿੱਟੀ ਅਤੇ ਮੁੱਖ ਤਣਿਆਂ ਨੂੰ ਗੜੁੱਚ ਕਰੋ। ਇਸ ਤੋਂ ਇਲਾਵਾ ਸੋਡੀਅਮ ਹਾਈਕਲੋਰਾਈਡ ਤੇ ਛਿੜਕਾਅ ਤੋਂ ਹਫਤੇ ਬਾਅਦ 100 ਗ੍ਰਾਮ ਟਰਾਈਕੋਡਰਮਾ ਅੇਸਪੈਰੇਲਮ ਫਾਰਮੂਲੇਸ਼ਣ ਨੂੰ 2.5 ਕਿੱਲੋ ਰੂੜੀ ਦੀ ਖਾਦ ਵਿੱਚ ਮਿਲਾ ਕੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਬੂਟੇ ਦੀ ਛੱਤਰੀ ਹੇਠ ਪਾ ਕੇ ਵੀ ਇਸ ਰੋਗ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਸ. ਬਾਜਵਾ ਨੇ ਅੱਗੇ ਦੱਸਿਆ ਕਿ ਨਿੰਬੂ ਜਾਤੀ ਦੇ ਫ਼ਲਾਂ ਵਿੱਚ ਫ਼ਲ ਦੀ ਮੱਖੀ ਦੀ ਰੋਕਥਾਮ ਲਈ ਅਗਸਤ ਦੇ ਦੂਜੇ ਹਫਤੇ 16 ਪੀ.ਏ.ਯੂ. ਫਰੂਟ ਫਲਾਈ ਟਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਉ ਅਤੇ ਲੋੜ ਪੈਣ ਤੇ ਦੁਬਾਰਾ ਟਰੈਪ ਲਾਓ।  ਅੰਗੂਰਾਂ ਦੇ ਕੋਹੜ ਅਤੇ ਪੀਲੇ ਧੱਬਿਆਂ ਦੀ ਰੋਕਥਾਮ ਲਈ ਅਗਸਤ ਦੇ ਆਖੀਰ ਵਿੱਚ ਬੋਰਡੋ ਮਿਸ਼ਰਣ ਦਾ ਛਿੜਕਾਅ 500 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤਾ ਜਾਵੇ।

FacebookTwitterEmailWhatsAppTelegramShare
Exit mobile version