ਹੁਸ਼ਿਆਰਪੁਰ- ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਆਮ ਆਦਮੀ ਕਲੀਨਿਕਾਂ ਦਾ ਕੀਤਾ ਅਚਨਚੇਤ ਨਿਰੀਖਣ

ਬਾਗਪੁਰ, ਘੋਗਰਾ ਅਤੇ ਖੁਣਖੁਣ ਕਲਾਂ ਵਿਖੇ ਸਿਹਤ ਸੇਵਾਵਾਂ ਦਾ ਲਿਆ ਜਾਇਜ਼ਾ  

-ਇਲਾਜ ਲਈ ਆਏ ਲੋਕਾਂ ਤੋਂ ਫੀਡਬੈਕ ਲਈ ਅਤੇ ਦਵਾਈਆਂ ਦੇ ਸਟਾਕ ਦੀ ਵੀ  ਕੀਤੀ ਜਾਂਚ 

ਹੁਸ਼ਿਆਰਪੁਰ, 3 ਅਗਸਤ 2023 (ਦੀ ਪੰਜਾਬ ਵਾਇਰ)। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਜ਼ਿਲ੍ਹੇ ਦੇ ਤਿੰਨ ਆਦਮੀ ਕਲੀਨਿਕਾਂ ਦਾ ਅਚਨਚੇਤ ਨਿਰੀਖਣ ਕੀਤਾ ਅਤੇ ਸਿਹਤ ਸਹੂਲਤਾਂ ਜਿਵੇਂ ਕਿ ਸਿਹਤ ਜਾਂਚ, ਦਵਾਈਆਂ, ਟੈਸਟ ਅਤੇ ਸਾਫ਼-ਸਫ਼ਾਈ ਆਦਿ ਦਾ ਜਾਇਜ਼ਾ ਲਿਆ। ਉਨ੍ਹਾਂ ਆਮ ਆਦਮੀ ਕਲੀਨਿਕ ਬਾਗਪੁਰ, ਘੋਗਰਾ ਅਤੇ ਖੁਣਖੁਣ ਕਲਾਂ ਦਾ ਨਿਰੀਖਣ ਕਰਦਿਆਂ ਸਿਵਲ ਸਰਜਨ ਡਾ: ਬਲਵਿੰਦਰ ਕੁਮਾਰ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਆਮ ਆਦਮੀ ਕਲੀਨਿਕਾਂ ਵਿੱਚ ਸਿਹਤ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਕੋਈ ਕਮੀ ਨਾ ਛੱਡੀ ਜਾਵੇ। ਇਸ ਮੌਕੇ ਉਨ੍ਹਾਂ ਆਮ ਆਦਮੀ ਕਲੀਨਿਕ ਵਿਚ ਕੰਮ ਕਰਦੇ ਸਟਾਫ਼ ਦੀ ਹਾਜ਼ਰੀ ਚੈੱਕ ਕੀਤੀ ਅਤੇ ਸਟਾਫ਼ ਨੂੰ ਹਦਾਇਤ ਕੀਤੀ ਕਿ ਮਰੀਜ਼ਾਂ ਨੂੰ ਚੰਗੇ ਮਾਹੌਲ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। ਦਸੂਹਾ ਸਬ-ਡਵੀਜ਼ਨ ਦੇ ਦੌਰੇ ਦੌਰਾਨ ਐਸ.ਡੀ.ਐਮ ਦਸੂਹਾ ਓਜਸਵੀ ਅਲੰਕਾਰ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

ਅਚਨਚੇਤ ਨਿਰੀਖਣ ਦੌਰਾਨ ਡਿਪਟੀ ਕਮਿਸ਼ਨਰ ਨੇ ਆਮ ਆਦਮੀ ਕਲੀਨਿਕਾਂ ਵਿਖੇ ਇਲਾਜ ਕਰਵਾਉਣ ਆਏ ਮਰੀਜ਼ਾਂ ਦਾ ਰਿਕਾਰਡ ਚੈੱਕ ਕੀਤਾ ਅਤੇ ਉਨ੍ਹਾਂ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਅਤੇ ਮਰੀਜ਼ਾਂ ਦੀ ਤਸੱਲੀ ‘ਤੇ ਆਮ ਆਦਮੀ ਕਲੀਨਿਕ ਦੇ ਸਟਾਫ਼ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਜਿਸ ਦਾ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ।

ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਆਮ ਆਦਮੀ ਕਲੀਨਿਕ ਖੋਲ੍ਹਣ ਦਾ ਮਕਸਦ ਇਹ ਹੈ ਕਿ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਬਿਹਤਰ ਸਿਹਤ ਸਹੂਲਤਾਂ ਮਿਲ ਸਕਣ ਅਤੇ ਉਨ੍ਹਾਂ ਨੂੰ ਆਪਣੇ ਇਲਾਜ ਲਈ ਹਸਪਤਾਲਾਂ ਦੀਆਂ ਕਤਾਰਾਂ ਵਿਚ ਨਾ ਖੜ੍ਹਾ ਹੋਣਾ ਪਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਸਮੇਂ 43 ਆਮ ਆਦਮੀ ਕਲੀਨਿਕ ਚੱਲ ਰਹੇ ਹਨ ਅਤੇ 15 ਅਗਸਤ ਨੂੰ ਪਿੰਡ ਦਾਰਾਪੁਰ ਵਿਖੇ ਇਕ ਹੋਰ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਜਾਵੇਗਾ, ਜਿਸ ਤੋਂ ਬਾਅਦ ਜ਼ਿਲ੍ਹੇ ਵਿਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ 44 ਹੋ ਜਾਵੇਗੀ। ਉਨ੍ਹਾਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਆਮ ਆਦਮੀ ਕਲੀਨਿਕ ਦਾਰਾਪੁਰ ਦਾ ਕੰਮ 12 ਅਗਸਤ ਤੱਕ ਮੁਕੰਮਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਆਮ ਆਦਮੀ ਕਲੀਨਿਕਾਂ ਵਿਚ ਮਰੀਜ਼ਾਂ ਨੂੰ ਮੁਫ਼ਤ ਸਿਹਤ ਜਾਂਚ ਦੇ ਨਾਲ-ਨਾਲ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸਿਫ਼ ਵੀ ਹਾਜ਼ਰ ਸਨ।

FacebookTwitterEmailWhatsAppTelegramShare
Exit mobile version