ਨੂਹ ਜ਼ਿਲ੍ਹੇ ਵਿੱਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਨੇ ਲੋਕ ਮਨਾਂ ਨੂੰ ਭਾਰੀ ਠੇਸ ਪਹੁੰਚਾਈ: ਕੁਲਤਾਰ ਸਿੰਘ ਸੰਧਵਾਂ

ਕਿਹਾ, ਸੱਭਿਅਕ ਸਮਾਜ ਵਿੱਚ ਅਜਿਹੀਆਂ ਘਿਨੌਣੀਆਂ ਘਟਨਾਵਾਂ ਲਈ ਕੋਈ ਸਥਾਨ ਨਹੀਂ

ਚੰਡੀਗੜ੍ਹ, 3 ਅਗਸਤ 2023 (ਦੀ ਪੰਜਾਬ ਵਾਇਰ)। ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਨੇ ਲੋਕ ਮਨਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਇਨ੍ਹਾਂ ਘਟਨਾਵਾਂ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਧਰਮ ਦੇ ਨਾਂ ‘ਤੇ ਕਤਲੋਗਾਰਤ, ਲੁੱਟ ਖੋਹ ਅਤੇ ਅਗਜ਼ਨੀ ਦੀਆਂ ਘਟਨਾਵਾਂ ਕਿਸੇ ਵੀ ਸੱਭਿਅਕ ਸਮਾਜ ਨੂੰ ਸ਼ੋਭਾ ਨਹੀਂ ਦਿੰਦੀਆਂ। ਉਨ੍ਹਾਂ ਕਿਹਾ ਕਿ ਸਮੂਹ ਲੋਕਤੰਤਰੀ ਧਿਰਾਂ ਨੂੰ ਇਕੱਤਰ ਹੋ ਕੇ ਸਮਾਜ ‘ਚ ਨਫ਼ਰਤ ਅਤੇ ਹਿੰਸਾ ਫੈਲਾਉਣ ਵਾਲੀਆਂ ਤਾਕਤਾਂ ਦੇ ਖਿਲਾਫ਼ ਲੋਕ ਲਹਿਰ ਚਲਾਉਣਾ ਸਮੇਂ ਦੀ ਲੋੜ ਹੈ।

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਇਸ ਵਰਤਾਰੇ ਦੀ ਸਖ਼ਤ ਮੁਖ਼ਾਲਫ਼ਤ ਕਰਦੇ ਹੋਏ ਕਿਹਾ ਹੈ ਕਿ ਸੱਭਿਅਕ ਸਮਾਜ ਵਿੱਚ ਅਜਿਹੀਆਂ ਘਿਨੌਣੀਆਂ ਘਟਨਾਵਾਂ ਲਈ ਕੋਈ ਸਥਾਨ ਨਹੀਂ ਹੋਣਾ ਚਾਹੀਦਾ। ਉਨ੍ਹਾਂ ਹਰਿਆਣਾ ਦੀ ਮੌਜੂਦਾ ਭਾਜਪਾ-ਜਜਪਾ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਪੂਰਨ ਤੌਰ ‘ਤੇ ਨਾਕਾਮ ਰਹੇ ਹਨ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਸਭ ਦੀ ਜਾਨ ਮਾਲ ਦੀ ਹਿਫ਼ਾਜ਼ਤ ਕਰਨਾ ਉਨ੍ਹਾਂ ਦਾ ਨੈਤਿਕ ਫ਼ਰਜ਼ ਹੈ।

ਸ. ਸੰਧਵਾਂ ਨੇ ਕਿਹਾ ਕਿ ਇਸ ਦੁੱਖਦਾਈ ਘਟਨਾ ਦੇ ਕਾਰਨਾਂ ਦਾ ਪਤਾ ਲਾਉਣ ਲਈ ਪੂਰੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਇਸਦੇ ਪਿੱਛੇ ਜਿਨ੍ਹਾਂ ਦਾ ਹੱਥ ਹੈ, ਉਨ੍ਹਾਂ ਨੂੰ ਢੁਕਵੀਂ ਸਜਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਨੂਹ ਜ਼ਿਲ੍ਹੇ ਪਿੱਛੋਂ ਇਹ ਫਿਰਕੂ ਅੱਗ ਗੁਰੂਗ੍ਰਾਮ ਤੱਕ ਵੀ ਪਹੁੰਚ ਚੁੱਕੀ ਹੈ ਅਤੇ ਲੋਕਤੰਤਰ ਤੇ ਮਾਨਵੀਂ ਕਦਰਾਂ ਕੀਮਤਾਂ ਨੂੰ ਬਚਾਉਣ ਲਈ ਇਸ ਅੱਗ ਨੂੰ ਭਾਂਬੜ ਬਣਨ ਤੋਂ ਰੋਕਿਆ ਜਾਣਾ ਚਾਹੀਦਾ ਹੈ।

FacebookTwitterEmailWhatsAppTelegramShare
Exit mobile version