ਜਾਗਰੂਕਤਾ ਨਾਲ ਹੀ ਹੈਪੇਟਾਇਟਿਸ ਰੋਗ ਤੋਂ ਹੋ ਸਕਦਾ ਹੈ ਬਚਾਓ – ਚੇਅਰਮੈਨ ਰਮਨ ਬਹਿਲ

ਚੇਅਰਮੈਨ ਰਮਨ ਬਹਿਲ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਹੈਪੇਟਾਇਟਿਸ ਸਬੰਧੀ ਪੋਸਟਰ ਜਾਰੀ ਕੀਤਾ

ਗੁਰਦਾਸਪੁਰ, 28 ਜੁਲਾਈ 2023 (ਦੀ ਪੰਜਾਬ ਵਾਇਰ ) । ਹੈਪੇਟਾਇਟਿਸ (ਪੀਲੀਆ) ਦਿਵਸ ਸਬੰਧੀ ਇਕ ਵਿਸ਼ੇਸ਼ ਸਮਾਗਮ ਦਫ਼ਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਕੀਤਾ ਗਿਆ। ਸਮਾਗਮ ਵਿਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰੋਮੀ ਰਾਜਾ ਨੇ ਕੀਤੀ। ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਹੈਪੇਟਾਇਟਿਸ ਸਬੰਧੀ ਪੋਸਟਰ ਵੀ ਜਾਰੀ ਕੀਤਾ ਗਿਆ।

ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਹੈਪੇਟਾਇਟਿਸ (ਪੀਲੀਆ) ਇਕ ਜਾਨਲੇਵਾ ਰੋਗ ਹੈ ਜਿਸ ਤੋਂ ਬਚਾਅ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹੈਪੇਟਾਇਟਿਸ ਨੂੰ ਆਮ ਭਾਸ਼ਾ ਵਿਚ ਪੀਲੀਆ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੈਪੇਟਾਇਟਿਸ ਰੋਗ ਵਾਇਰਸ ਕਾਰਨ ਹੁੰਦਾ ਹੈ ਅਤੇ ਇਹ ਇਕ ਜਾਨਲੇਵਾ ਰੋਗ ਹੈ ਅਤੇ ਇਸ ਤੋਂ ਬਚਾਓ ਲਈ ਜਾਗਰੁਕਤਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਹੈਪੇਟਾਇਟਿਸ-ਸੀ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ਼ ਕੀਤਾ ਜਾਂਦਾ ਹੈ ਜਿਸਦਾ ਮਰੀਜ਼ਾਂ ਨੂੰ ਬਹੁਤ ਫਾਇਦਾ ਮਿਲਿਆ ਹੈ।

ਇਸ ਦੌਰਾਨ ਡੀ.ਅੱੈਮ.ਸੀ. ਡਾ. ਰੋਮੀ ਰਾਜਾ ਨੇ ਕਿਹਾ ਕਿ ਪੀਲੀਆ ਰੋਗ ਦੀਆਂ ਕਈ ਕਿਸਮਾਂ ਹਨ। ਜਿਆਦਾਤਰ ਪੀਲੀਆ ਗੰਦੇ ਪਾਣੀ ਅਤੇ ਦੂਸ਼ਿਤ ਭੋਜਨ ਨਾਲ ਹੁੰਦਾ ਹੈ। ਕਾਲਾ ਪੀਲੀਆ ਖੂਨ ਅਤੇ ਹੋਰ ਕਾਰਨਾਂ ਕਰਕੇ ਹੁੰਦਾ ਹੈ। ਨਵਜੰਮੇ ਬੱਚਿਆਂ ਨੂੰ ਪੀਲੀਆ ਤੋਂ ਬਚਾਅ ਲਈ ਟੀਕਾ ਵੀ ਲੱਗਦਾ ਹੈ। ਉਨ੍ਹਾਂ ਕਿਹਾ ਕਿ ਨਵਜੰਮੇ ਬੱਚਿਆਂ ਦਾ ਹੈਪੇਟਾਇਟਿਸ-ਬੀ ਟੀਕਾਕਰਨ 100 ਫੀਸਦੀ ਕਰਵਾਇਆ ਜਾਵੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੈਪੇਟੈਇਟਿਸ ਰੋਗ ਪ੍ਰਤੀ ਜਾਗਰੁਕ ਰਹਿਣ।

ਇਸ ਮੌਕੇ ਡਾਕਟਰ ਪੇ੍ਰਮ ਜੋਤੀ ਨੇ ਹੈਪੇਟਾਇਟਿਸ ਰੋਗ ਦੇ ਲੱਛਣ ਅਤੇ ਇਲਾਜ ਬਾਰੇ ਵਿਸਤਾਰ ਨਾਲ ਦੱਸਿਆ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਤਜਿੰਦਰ ਕੌਰ, ਡਾ. ਪ੍ਰਭਜੋਤ ਕਲਸੀ, ਡਾ. ਵੰਦਨਾ, ਡਾ. ਮਮਤਾ, ਮਾਸ ਮੀਡੀਆ ਅਫ਼ਸਰ ਗੁਰਿੰਦਰ ਕੌਰ, ਰਛਪਾਲ ਸਿੰਘ, ਹਰਪ੍ਰੀਤ ਸਿੰਘ, ਜੋਬਨਪ੍ਰੀਤ ਸਿੰਘ ਹਾਜ਼ਰ ਸਨ।

FacebookTwitterEmailWhatsAppTelegramShare
Exit mobile version