ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਪੰਜਾਬ ਇਕਾਈ ਨੂੰ ਦਫਤਰ ਲਈ ਜ਼ਮੀਨ ਅਲਾਟ ਕਰਨ ਸੰਬੰਧੀ ਰਾਜਪਾਲ ਨੂੰ ਫਿਰ ਤੋਂ ਲਿਖਿਆ ਪੱਤਰ

ਦੋਸ਼ ਲਾਉਂਦਿਆਂ ਕਿਹਾ, ਚੰਡੀਗੜ੍ਹ ਪ੍ਰਸ਼ਾਸਨ ਕਈ ਵਾਰ ਜ਼ਮੀਨ ਮੰਗਣ ਦੇ ਬਾਵਜੂਦ ਵੀ ਪੂਰੀ ਤਰ੍ਹਾਂ ਚੁੱਪ ਹੈ, ਯੂਟੀ ਵੱਲੋਂ ਪੱਖਪਾਤ ਅਤੇ ਗਲਤ ਮਨਸੂਬਿਆਂ ਕਾਰਨ ਜ਼ਮੀਨ ਅਲਾਟ ਨਹੀਂ ਕੀਤੀ ਗਈ

ਚੰਡੀਗੜ੍ਹ ਵਿੱਚ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਦਫਤਰ ਹਨ, ਪਰ ਕੌਮੀ ਪਾਰਟੀ ਹੋਣ ਅਤੇ ਪੰਜਾਬ ਵਿਧਾਨ ਸਭਾ ਵਿੱਚ ਦੋ ਤਿਹਾਈ ਤੋਂ ਵੱਧ ਬਹੁਮਤ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਨੂੰ ਦਫਤਰ ਲਈ ਕੋਈ ਸੰਸਥਾਗਤ ਜ਼ਮੀਨ ਨਹੀਂ ਦਿੱਤੀ ਗਈ – ਮਾਨ

ਚੰਡੀਗੜ੍ਹ, 11 ਜੁਲਾਈ 2023 (ਦੀ ਪੰਜਾਬ ਵਾਇਰ)।ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੰਗਲਵਾਰ ਨੂੰ ਰਾਜਪਾਲ ਨੂੰ ਰਾਜਧਾਨੀ ਅਤੇ ਯੂਟੀ ਚੰਡੀਗੜ੍ਹ ਵਿੱਚ ‘ਆਪ’ ਪੰਜਾਬ ਇਕਾਈ ਨੂੰ ਦਫ਼ਤਰ ਲਈ ਜ਼ਮੀਨ ਅਲਾਟ ਕਰਨ ਸੰਬੰਧੀ ਪੱਤਰ ਲਿਖਿਆ ਹੈ।

‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਰਾਜਪਾਲ ਅਤੇ ਯੂਟੀ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਰਜਿਸਟਰਡ ਸਿਆਸੀ ਪਾਰਟੀ ਹੈ ਜੋ ਇਸ ਸਾਲ ਅਪ੍ਰੈਲ ਵਿੱਚ ਰਾਸ਼ਟਰੀ ਪਾਰਟੀ ਬਣ ਗਈ ਹੈ। ਪੰਜਾਬ ਵਿੱਚ ਪਾਰਟੀ ਦੀ ਸਰਕਾਰ ਨੂੰ ਭਾਰੀ ਬਹੁਮਤ ਹਾਸਿਲ ਹੈ ਅਤੇ ਸੂਬੇ ਦੇ ਸਾਰੇ 7 ਰਾਜ ਸਭਾ ਮੈਂਬਰ ‘ਆਪ’ ਨਾਲ ਸਬੰਧਿਤ ਹਨ। ਚੰਡੀਗੜ੍ਹ ਵਿੱਚ ਵੀ ‘ਆਪ ਦੇ 35 ਵਿੱਚੋਂ 14 ਕੌਂਸਲਰ ਹਨ। ਆਮ ਆਦਮੀ ਪਾਰਟੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਇੱਕ ਮਹੱਤਵਪੂਰਨ ਅਤੇ ਹਰਮਨ ਪਿਆਰੀ ਪਾਰਟੀ ਹੈ। ਪਰ ਕਈ ਵਾਰ ਮੀਟਿੰਗਾਂ ਅਤੇ ਗੱਲਬਾਤ ਕਰਕੇ ਪਾਰਟੀ ਦਫ਼ਤਰ ਲਈ ਸੰਸਥਾਗਤ ਜ਼ਮੀਨ ਦੀ ਮੰਗ ਕਰਨ ਦੇ ਬਾਵਜੂਦ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਕਿ ਖੇਤਰੀ ਪਾਰਟੀ ਹੈ, ਕੋਲ ਸੈਕਟਰ 28 ਵਿੱਚ 3 ਏਕੜ ਜ਼ਮੀਨ ਹੈ। ਕਾਂਗਰਸ ਨੂੰ ਸੈਕਟਰ 15 ਵਿੱਚ 1 ਏਕੜ ਤੋਂ ਵੱਧ ਜ਼ਮੀਨ ਅਲਾਟ ਕੀਤੀ ਗਈ ਹੈ ਅਤੇ ਭਾਜਪਾ ਨੂੰ ਸੈਕਟਰ 33 ਅਤੇ 37 ਵਿੱਚ ਦੋ ਪਲਾਟ ਹਨ। ਪਰ ਚੰਡੀਗੜ੍ਹ ਪ੍ਰਸ਼ਾਸਨ ਆਮ ਆਦਮੀ ਪਾਰਟੀ ਨੂੰ ਦਫ਼ਤਰ ਲਈ ਜ਼ਮੀਨ ਦੇਣ ਦੇ ਮੁੱਦੇ ‘ਤੇ ਪੂਰੀ ਤਰ੍ਹਾਂ ਚੁੱਪ ਹੈ। ਇਸ ਚੁੱਪ ਦਾ ਮਤਲਬ ਹੈ ਕਿ ਯੂਟੀ ਪ੍ਰਸ਼ਾਸਨ ਪੱਖਪਾਤੀ ਹੈ ਜਾਂ ਉਸ ਦਾ ਕੋਈ ਗੁਪਤ ਮਨਸੂਬਾ ਹੈ।

ਪੱਤਰ ਵਿੱਚ, ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਚੰਡੀਗੜ੍ਹ ਵਿੱਚ ‘ਆਪ’ ਦਫ਼ਤਰ ਦੀ ਉਸਾਰੀ ਲਈ ਢੁਕਵਾਂ ਪਲਾਟ ਅਲਾਟ ਕਰਨ ਦੀ ਬੇਨਤੀ ਕੀਤੀ ਹੈ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਜ਼ਰੂਰੀ ਉਪਾਅ ਅਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

FacebookTwitterEmailWhatsAppTelegramShare
Exit mobile version