ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰਾਂ ਦੇ ਬਾਰਸ਼ ਨਾਲ ਭਰਨ ਵਾਲੇ ਇਲਾਕਿਆਂ ਦਾ ਵਿਸ਼ੇਸ਼ ਸਰਵੇ ਕਰਨ ਦੀਆਂ ਹਦਾਇਤਾਂ  

ਅਗਲੀ ਬਾਰਸ਼ ਤੋਂ ਪਹਿਲਾਂ ਕਾਰਨ ਪਤਾ ਕਰਕੇ ਉਸਦਾ ਪੁਖਤਾ ਹੱਲ ਕੀਤਾ ਜਾਵੇ – ਡਿਪਟੀ ਕਮਿਸ਼ਨਰ

ਸ਼ਹਿਰਾਂ ਦੀਆਂ ਪੁਰਾਣੀਆਂ ਅਤੇ ਖਸਤਾ ਹਾਲ ਇਮਾਰਤਾਂ ਦੀ ਪਛਾਣ ਕਰਨ ਲਈ ਵੀ ਕਿਹਾ

ਗੁਰਦਾਸਪੁਰ, 10 ਜੁਲਾਈ 2023 (ਦੀ ਪੰਜਾਬ ਵਾਇਰ)। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਅਤੇ ਨਗਰ ਨਿਗਮ ਬਟਾਲਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਬੀਤੇ ਦਿਨੀਂ ਹੋਈ ਬਾਰਸ਼ ਦੌਰਾਨ ਸ਼ਹਿਰਾਂ ਦੇ ਜਿਹੜੇ ਖੇਤਰਾਂ ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਆਈ ਸੀ ਉਨ੍ਹਾਂ ਖੇਤਰਾਂ ਦਾ ਬਰੀਕੀ ਨਾਲ ਅਧਿਅਨ ਕਰਕੇ ਪਾਣੀ ਇਕੱਠਾ ਹੋਣ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇ। ਇਸਦੇ ਨਾਲ ਹੀ ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਹੈ ਕਿ ਕਾਰਨ ਪਤਾ ਕਰਨ ਤੋਂ ਬਾਅਦ ਉਨ੍ਹਾਂ ਖੇਤਰਾਂ ਵਿੱਚ ਜੋ ਵੀ ਘਾਟਾਂ ਹਨ ਜਾਂ ਜੋ ਵੀ ਲੋੜੀਂਦੇ ਪ੍ਰਬੰਧ ਕੀਤੇ ਜਾਣੇ ਹਨ ਉਨ੍ਹਾਂ ਨੂੰ ਅਗਲੇ 2 ਦਿਨਾਂ ਵਿੱਚ ਪੂਰਿਆਂ ਕੀਤਾ ਜਾਵੇ ਤਾਂ ਜੋ ਅਗਲੀ ਬਾਰਸ਼ ਦੌਰਾਨ ਦੁਬਾਰਾ ਓਥੇ ਪਾਣੀ ਦੀ ਨਿਕਾਸੀ ਦੀ ਕੋਈ ਮੁਸ਼ਕਲ ਨਾ ਆਵੇ।  

ਅੱਜ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਅਤੇ ਨਗਰ ਨਿਗਮ ਬਟਾਲਾ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਸ ਵਾਰ ਮਾਨਸੂਨ ਦੀ ਬਾਰਸ਼ ਕਾਫ਼ੀ ਹੋ ਰਹੀ ਹੈ ਅਤੇ ਇਸ ਹਫ਼ਤੇ ਦੇ ਅਖੀਰ ਵਿੱਚ ਇੱਕ ਵਾਰ ਫਿਰ ਬਾਰਸ਼ ਆਉਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਦੀ ਪੂਰੀ ਤਿਆਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਸੀਵਰੇਜ ਬੋਰਡ ਦੀ ਸਹਾਇਤਾ ਵੀ ਲਈ ਜਾਵੇ।

ਉਨ੍ਹਾਂ ਕਿਹਾ ਕਿ ਭਾਵੇਂ ਬਾਰਸ਼ ਅੱਗੇ ਤਾਂ ਕਿਸੇ ਦਾ ਜ਼ੋਰ ਨਹੀਂ ਹੈ ਪਰ ਮਾੜੇ ਪ੍ਰਬੰਧਾਂ ਕਾਰਨ ਜਾਂ ਅਣਗਿਹਲੀ ਕਾਰਨ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸੀਵਰੇਜ ਸਿਸਟਮ ਨੂੰ ਠੀਕ ਕਰਨ ਦੇ ਨਾਲ ਬਾਰਸ਼ ਦੇ ਪਾਣੀ ਨੂੰ ਲਿਜਾਣ ਵਾਲੇ ਨਾਲਿਆਂ ਨੂੰ ਸਾਫ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਪੂਰੀ ਤਰਜੀਹ ਦਿੱਤੀ ਜਾਵੇ।  

ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ ਨੇ ਵੀ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰਾਂ ਵਿੱਚ ਪੁਰਾਣੀਆਂ ਤੇ ਖਸਤਾ ਹਾਲ ਇਮਾਰਤਾਂ ਦੀ ਪਛਾਣ ਕਰਕੇ ਉਨ੍ਹਾਂ ਸਬੰਧੀ ਵਿਸ਼ੇਸ਼ ਸਾਵਧਾਨੀ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਇਮਾਰਤ ਦੀ ਹਾਲਤ ਜਿਆਦਾ ਖਸਤਾ ਹੈ ਤਾਂ ਉਸ ਨੂੰ ਖਾਲੀ ਕਰਵਾਇਆ ਜਾਵੇ ਅਤੇ ਆਸ-ਪਾਸ ਦੀ ਵਸੋਂ ਦੇ ਬਚਾਅ ਦੇ ਪ੍ਰਬੰਧ ਵੀ ਕੀਤੇ ਜਾਣ।

FacebookTwitterEmailWhatsAppTelegramShare
Exit mobile version