ਡਿਪਟੀ ਕਮਿਸ਼ਨਰ ਵੱਲੋਂ ਡੇਰਾ ਬਾਬਾ ਨਾਨਕ ਸਰਹੱਦ `ਤੇ ਬਣ ਰਹੇ `ਦਰਸ਼ਨ ਸਥੱਲ` ਦੇ ਪ੍ਰੋਜੈਕਟ ਦਾ ਜਾਇਜਾ

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ `ਦਰਸ਼ਨ ਸਥੱਲ` ਦਾ ਪ੍ਰੋਜੈਕਟ ਜਲਦ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ

ਸ਼ਰਧਾਲੂਆਂ ਦੀ ਸਹੂਲਤ ਲਈ `ਦਰਸ਼ਨ ਸਥੱਲ` ਉੱਪਰ ਦੋ ਨਵੀਆਂ ਦੂਰਬੀਨਾਂ ਸਥਾਪਤ ਕੀਤੀਆਂ ਜਾਣਗੀਆਂ

ਡੇਰਾ ਬਾਬਾ ਨਾਨਕ/ਗੁਰਦਾਸਪੁਰ, 6 ਜੁਲਾਈ 2023 (ਦੀ ਪੰਜਾਬ ਵਾਇਰ)। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਡੇਰਾ ਬਾਬਾ ਨਾਨਕ ਸਰਹੱਦ ਵਿਖੇ ਸ਼ਰਧਾਲੂਆਂ ਦੀ ਸਹੂਲਤ ਲਈ ਬਣਾਏ ਜਾ ਰਹੇ `ਦਰਸ਼ਨ ਸਥੱਲ` ਦੇ ਵਿਕਾਸ ਕਾਰਜਾਂ ਦਾ ਰੀਵਿਊ ਕਰਨ ਲਈ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਰਸ਼ਨ ਸਥੱਲ ਦੇ ਪ੍ਰੋਜੈਕਟ ਨੂੰ ਜਲਦ ਮੁਕੰਮਲ ਕੀਤਾ ਜਾਵੇ ਤਾਂ ਜੋ ਇਸਨੂੰ ਸ਼ਰਧਾਲੂਆਂ ਨੂੰ ਸਮਰਪਿਤ ਕੀਤਾ ਜਾ ਸਕੇ।

ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਡੇਰਾ ਬਾਬਾ ਨਾਨਕ ਸਰਹੱਦ ਵਿਖੇ ਜ਼ੀਰੋ ਲਾਈਨ `ਤੇ ਇੱਕ ਨਵਾਂ ਦਰਸ਼ਨ ਸਥੱਲ ਬਣਾਇਆ ਜਾ ਰਿਹਾ ਹੈ, ਜਿਸ ਵਿੱਚ ਦੋ ਹਾਈ ਲੈਵਲ ਦੂਰਬੀਨਾਂ ਅਤੇ ਇੱਕ ਸਕਰੀਨ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਦਰਸ਼ਨ ਸਥੱਲ ਦਾ 50 ਫੀਸਦੀ ਤੋਂ ਵੱਧ ਕੰਮ ਮੁਕੰਮਲ ਹੋ ਗਿਆ ਹੈ ਅਤੇ ਇੱਕ ਨਵੀਂ ਦੂਰਬੀਨ ਵੀ ਖਰੀਦ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇੱਕ ਹੋਰ ਹੈਂਡੀ ਦੂਰਬੀਨ ਵੀ ਜਲਦ ਹੀ ਖਰੀਦ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਦਰਸ਼ਨ ਸਥੱਲ ਦੇ ਆਲੇ-ਦੁਆਲੇ ਖੂਬਸੂਰਤ ਲੈਂਡ ਸਕੇਪਿੰਗ ਕਰਨ ਅਤੇ ਸੰਗਤਾਂ ਦੀ ਸਹੂਲਤ ਲਈ ਜੋ ਵੀ ਬੁਨਿਆਦੀ ਢਾਂਚਾ ਲੋੜੀਂਦਾ ਹੈ ਤਿਆਰ ਕਰਨ ਲਈ ਕਿਹਾ ਗਿਆ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਬਹੁਤ ਸਾਰੇ ਅਜਿਹੇ ਸ਼ਰਧਾਲੂ ਹਨ ਜੋ ਕਿ ਪਾਸਪੋਰਟ ਨਾ ਹੋਣ ਕਾਰਨ ਜਾਂ ਪਾਕਿਸਤਾਨ ਸਰਕਾਰ ਵੱਲੋਂ ਲਈ ਜਾਂਦੀ 20 ਡਾਲਰ ਦੀ ਫੀਸ ਕਰਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਨਹੀਂ ਜਾ ਪਾਉਂਦੇ। ਅਜਿਹੇ ਵਿੱਚ ਇਹ ਸ਼ਰਧਾਲੂ ਡੇਰਾ ਬਾਬਾ ਨਾਨਕ ਧੁੱਸੀ ਬੰਨ ਉੱਪਰ ਖਲ੍ਹੋ ਕੇ ਦੂਰੋਂ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਸਿਜਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸ਼ਰਧਾਲੂਆਂ ਦੀ ਸ਼ਰਧਾ ਤੇ ਸਹੂਲਤ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੇਰਾ ਬਾਬਾ ਨਾਨਕ ਸਰਹੱਦ ਉੱਪਰ ਦਰਸ਼ਨ ਸਥੱਲ ਬਣਾ ਕੇ ਏਥੇ ਦੋ ਦੂਰਬੀਨਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ। ਇਸਦੇ ਨਾਲ ਹੀ ਇਥੇ ਇੱਕ ਸਕਰੀਨ ਲਗਾਈ ਜਾਵੇਗੀ ਜਿਸ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਵੀਡੀਓ ਚੱਲੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਉਂਦੇ ਕੁਝ ਹਫ਼ਤਿਆਂ ਵਿੱਚ ਦਰਸ਼ਨ ਸਥੱਲ ਦਾ ਕੰਮ ਮੁਕੰਮਲ ਹੋ ਜਾਵੇਗਾ ਅਤੇ ਉਸ ਉਪਰੰਤ ਇੱਕ ਵਿਸ਼ੇਸ਼ ਸਮਾਗਮ ਦੌਰਾਨ ਦਰਸ਼ਨ ਸਥੱਲ ਨੂੰ ਸੰਗਤਾਂ ਦੇ ਸਪੁਰਦ ਕੀਤਾ ਜਾਵੇਗਾ।

ਮੀਟਿੰਗ ਦੌਰਾਨ ਡੇਰਾ ਬਾਬਾ ਨਾਨਕ ਲੈਂਡ ਪੋਰਟ ਅਥਾਰਟੀ ਦੇ ਜੀ.ਐੱਮ. ਸ੍ਰੀ ਟੀ.ਆਰ. ਸ਼ਰਮਾਂ, ਬੀ.ਐੱਸ.ਐੱਫ ਦੇ ਕਮਾਂਡੈਂਟ ਐੱਸ.ਐੱਸ. ਗਰਚਾ, ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਸ੍ਰੀ ਅਸ਼ਵਨੀ ਅਰੋੜਾ, ਤਹਿਸੀਲਦਾਰ ਸ੍ਰੀ ਜਗਤਾਰ ਸਿੰਘ, ਐਕਸੀਅਨ ਮੰਡੀ ਬੋਰਡ ਸ. ਬਲਦੇਵ ਸਿੰਘ ਬਾਜਵਾ, ਐਕਸੀਅਨ ਪੰਚਾਇਤੀ ਰਾਜ, ਬੀ.ਡੀ.ਪੀ.ਓ. ਸ. ਦਿਲਬਾਗ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।   

FacebookTwitterEmailWhatsAppTelegramShare
Exit mobile version