ਨਵੀਂ ਦਿੱਲੀ, 25 ਜੂਨ, 2023 (ਦੀ ਪੰਜਾਬ ਵਾਇਰ)। ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਯੂ.ਕੇ. ‘ਚ ਭਾਰਤੀ ਹਾਈ ਕਮਿਸ਼ਨ ਉਤੇ ਹਮਲਾ ਕਰਨ ਦੇ ਮਾਮਲੇ ਵਿਚ ਖਾਲਿਸਤਾਨੀ ਸਮਰਥਕ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੇ ਸਾਲੇ ਅਮਰਜੋਤ ਸਿੰਘ ਸਮੇਤ ਹੋਰਨਾਂ ਕਈ ਅਣਪਛਾਤੇ ਵਿਅਕਤੀਆਂ ‘ਤੇ ਪਰਚਾ ਦਰਜ ਕੀਤਾ ਹੈ। ਇਸ ਸਾਲ 23 ਮਾਰਚ ਨੂੰ ਯੂ.ਕੇ. ’ਚ ਭਾਰਤੀ ਹਾਈ ਕਮਿਸ਼ਨ ‘ਤੇ ਹਮਲਾ ਕੀਤਾ ਗਿਆ ਸੀ। ਇਸ ਘਟਨਾ ਵਿੱਚ ਅਮਰਜੋਤ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਹੈ। ਐਨ ਆਈ ਏ ਦੀ ਐਫ ਆਈ ਆਰ ਮੁਤਾਬਕ ਅਮਰਜੋਤ ਸਿੰਘ ਨੇ ਖਾਲਿਸਤਾਨ ਪੱਖੀ ਵਿਖਾਵਾਕਾਰੀਆਂ ਦੀ ਭੀੜ ਦੀ ਅਗਵਾਈ ਕੀਤੀ ਜਿਹਨਾਂ ਨੇ ਭਾਰਤ ਵਿਰੋਧੀ ਨਾਅਰੇ ਲਗਾਏ, ਹਾਈ ਕਮਿਸ਼ਨ ਦੀ ਚਾਰਦੀਵਾਰੀ ਨਾਂਲ ਖਾਲਿਸਤਾਨੀ ਝੰਡੇ ਬੰਨੇ ਅਤੇ ਕਮਿਸ਼ਨ ਦੀ ਬਿਲਡਿੰਗ ’ਤੇ ਦੋ ਗ੍ਰਨੇਡ ਸੁੱਟੇ। ਇਹਨਾਂ ਮੁਲਜ਼ਮਾਂ ਨੇ ਪਾਬੰਦੀਸ਼ੁਦਾ ਗਤੀਵਿਧੀਆਂ (ਅਤਿਵਾਦੀ ਗਤੀਵਿਧੀਆਂ) ਵਿਚ ਸ਼ਮੂਲੀਅਤ ਕੀਤੀ ਹੈ।
ਵੱਡੀ ਕਾਰਵਾਈ- ਯੂ.ਕੇ. ’ਚ ਭਾਰਤੀ ਹਾਈ ਕਮਿਸ਼ਨ ’ਤੇ ਹਮਲੇ ਦੇ ਮਾਮਲੇ ’ਚ ਅੰਮ੍ਰਿਤਪਾਲ ਸਿੰਘ ਦਾ ਸਾਲਾ ਮੁੱਖ ਦੋਸ਼ੀ ਵਜੋਂ ਨਾਮਜ਼ਦ
