ਪਿੰਡ ਮਚਰਾਏ, ਪੇਜੋਚੱਕ, ਕਿਸ਼ਨਕੋਟ ਤੇ ਸ਼ਕਾਲਾ ਦੇ ਕਿਸਾਨਾਂ ਵੱਲੋਂ ਧਰਨਾਕਾਰੀਆਂ ਦਾ ਸਖਤ ਵਿਰੋਧ

ਕਿਸਾਨਾਂ ਨੇ ਕਿਹਾ ਕੁਝ ਲੋਕ ਜਾਣਬੁੱਝ ਕੇ ਦਿੱਲੀ-ਕਟੜਾ ਐਕਸਪ੍ਰੈਸ ਵੇਅ ਦੇ ਨਿਰਮਾਣ ਵਿੱਚ ਬਣ ਰਹੇ ਹਨ ਰੁਕਾਵਟ

ਕਿਸਾਨਾਂ ਨੇ ਰਜ਼ਾਮੰਦੀ ਨਾਲ ਜ਼ਮੀਨਾਂ ਦੇ ਕਬਜ਼ੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਦਿੱਤੇ

ਗੁਰਦਾਸਪੁਰ, 22 ਜੂਨ 2023 ( ਦੀ ਪੰਜਾਬ ਵਾਇਰ) । ਪਿੰਡ ਕਿਸ਼ਨਕੋਟ ਨੇੜੇ ਦਿੱਲੀ-ਕਟੜਾ ਐਕਸਪ੍ਰੈਸ ਵੇਅ ਦੇ ਨਿਰਮਾਣ ਨੂੰ ਰੋਕ ਕੇ ਬੈਠੇ ਬਾਹਰੀ ਧਰਨਾਕਾਰੀਆਂ ਦਾ ਸਥਾਨਕ ਕਿਸਾਨਾਂ ਅਤੇ ਪੰਚਾਇਤਾਂ ਨੇ ਸਖ਼ਤ ਵਿਰੋਧ ਕੀਤਾ ਹੈ। ਪਿੰਡ ਮਚਰਾਏ, ਪੇਜੋਚੱਕ, ਕਿਸ਼ਨਕੋਟ ਤੇ ਸ਼ਕਾਲਾ ਦੇ ਕਿਸਾਨਾਂ ਅਤੇ ਪੰਚਾਇਤਾਂ ਨੇ ਦਿੱਲੀ-ਕਟੜਾ ਐਕਸਪ੍ਰੈਸ ਵੇਅ ਦੀ ਵਕਾਲਤ ਕਰਦਿਆਂ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਆਪਣੀਆਂ ਜ਼ਮੀਨਾਂ ਇਸ ਪ੍ਰੋਜੈਕਟ ਲਈ ਦੇਣ ਤੋਂ ਕੋਈ ਇਤਰਾਜ਼ ਨਹੀਂ ਹੈ ਤਾਂ ਇਹ ਬਾਹਰੀ ਲੋਕ ਕਿਉਂ ਏਥੇ ਧਰਨੇ-ਪ੍ਰਦਰਸ਼ਨ ਕਰਕੇ ਮਾਹੌਲ ਖ਼ਰਾਬ ਕਰ ਰਹੇ ਹਨ।

ਪਿੰਡ ਕਿਸ਼ਨਕੋਟ ਅਤੇ ਹੋਰ ਪਿੰਡਾਂ ਦੇ ਕਿਸਾਨ ਯਾਦਵਿੰਦਰ ਸਿੰਘ ਚੀਮਾ, ਸਤਿੰਦਰਜੀਤ ਸਿੰਘ, ਪ੍ਰਿਥੀਪਾਲ ਸਿੰਘ ਤੇਜਵੰਤ ਸਿੰਘ, ਤੇਜਪ੍ਰਤਾਪ ਸਿੰਘ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਸਿੰਘ, ਦਿਲਬਾਗ ਸਿੰਘ, ਹਰਦੀਪ ਸਿੰਘ, ਪਰਮਜੀਤ ਸਿੰਘ ਆਦਿ ਕਿਸਾਨਾਂ ਨੇ ਇੱਕ-ਸੁਰ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਮੁਆਵਜਾ ਮਿਲ ਚੁੱਕਾ ਹੈ ਅਤੇ ਉਨ੍ਹਾਂ ਨੇ ਆਪਣੀ ਜ਼ਮੀਨ ਦੇ ਕਬਜ਼ੇ ਵੀ ਨੈਸ਼ਨਲ ਹਾਈਵੇ ਅਥਾਰਟੀ ਨੂੰ ਦੇ ਦਿੱਤੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕੁਝ ਬਾਹਰੀ ਵਿਅਕਤੀ ਜਿਨ੍ਹਾਂ ਦੀ ਉਨ੍ਹਾਂ ਨੂੰ ਪਛਾਣ ਵੀ ਨਹੀਂ ਹੈ, ਵਲੋਂ ਉਨ੍ਹਾਂ ਦੇ ਖੇਤਾਂ ਵਿੱਚ ਧਰਨਾ ਲਗਾ ਕੇ ਕੰਮ ਨੂੰ ਰੋਕਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਧਰਨਾਕਾਰੀਆਂ ਦੀ ਅੜੀ ਕਾਰਨ ਇਹ ਪ੍ਰੋਜੈਕਟ ਰੱਦ ਜਾਂ ਏਥੋਂ ਤਬਦੀਲ ਹੁੰਦਾ ਹੈ ਤਾਂ ਉਨ੍ਹਾਂ ਨੂੰ ਵੱਡਾ ਆਰਥਿਕ ਘਾਟਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸਾਡੇ ਜ਼ਿਲ੍ਹੇ ਦੇ ਵਿਕਾਸ ਲਈ ਬਹੁਤ ਅਹਿਮ ਹੈ ਅਤੇ ਧਰਨਾਕਾਰੀਆਂ ਨੂੰ ਸਰਬੱਤ ਦੇ ਭਲੇ ਨੂੰ ਮੁੱਖ ਰੱਖਦੇ ਹੋਏ ਆਪਣੀ ਜ਼ਿੱਦ ਨੂੰ ਤਿਆਗ ਦੇਣਾ ਚਾਹੀਦਾ ਹੈ।

ਕਿਸਾਨ ਯਾਦਵਿੰਦਰ ਸਿੰਘ ਚੀਮਾ ਦਾ ਕਹਿਣਾ ਹੈ ਕਿ ਇਹ ਧਰਨਾਕਾਰੀ ਅਸਲ ਵਿੱਚ ਕਿਸਾਨਾਂ ਦਾ ਭਲਾ ਨਹੀਂ ਨੁਕਸਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜ਼ਮੀਨ ਦੀ ਕੀਮਤ ਬਜ਼ਾਰੀ ਕੀਮਤ ਤੋਂ ਵੱਧ ਮਿਲ ਰਹੀ ਹੈ ਅਤੇ ਜੇਕਰ ਫਿਰ ਵੀ ਕਿਸੇ ਕਿਸਾਨ ਨੂੰ ਰੇਟ ਘੱਟ ਲੱਗਦਾ ਹੈ ਤਾਂ ਉਹ ਆਰਬੀਟ੍ਰੇਸ਼ਨ ਜਰੀਏ ਅਪੀਲ ਦਾਇਰ ਕਰ ਸਕਦਾ ਹੈ। ਯਾਦਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਇੱਕ ਪਾਸੇ ਤਾਂ ਅਸੀਂ ਸਾਰੇ ਮੰਗ ਕਰਦੇ ਹਾਂ ਕਿ ਸਰਕਾਰ ਸੜਕਾਂ ਨੂੰ ਚੌੜਿਆਂ ਕਰੇ ਤਾਂ ਜੋ ਸੜਕ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ ਅਤੇ ਦੂਸਰੇ ਪਾਸੇ ਅਸੀਂ ਖੁਦ ਹੀ ਅਜਿਹੇ ਵਿਕਾਸ ਕਾਰਜਾਂ ਵਿੱਚ ਰੋੜੇ ਅਟਕਾ ਦਿੰਦੇ ਹਾਂ ਜੋ ਕਿ ਚੰਗੀ ਗੱਲ ਨਹੀਂ ਹੈ।

ਪਿੰਡ ਮਚਰਾਏ, ਪੇਜੋਚੱਕ, ਕਿਸ਼ਨਕੋਟ ਤੇ ਸ਼ਕਾਲਾ ਦੇ ਕਿਸਾਨਾਂ ਅਤੇ ਪੰਚਾਇਤਾਂ ਨੇ ਨੈਸ਼ਨਲ ਹਾਈਵੇ-ਅਥਾਰਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਉਹ ਦਿੱਲੀ-ਕਟੜਾ ਐਕਸਪ੍ਰੈਸ ਵੇਅ ਦੇ ਹੱਕ ਵਿੱਚ ਹਨ ਅਤੇ ਕਿਸਾਨਾਂ ਸਮੇਤ ਇਲਾਕੇ ਦੇ ਸਮੂਹ ਲੋਕ ਚਾਹੁੰਦੇ ਹਨ ਕਿ ਇਹ ਪ੍ਰੋਜੈਕਟ ਜਲਦ ਮੁਕੰਮਲ ਹੋਵੇ।

FacebookTwitterEmailWhatsAppTelegramShare
Exit mobile version