ਕਾਗ਼ਜ਼-ਰਹਿਤ ਹੋਵੇਗੀ ਪੰਜਾਬ ਵਿਧਾਨ ਸਭਾ ਦੇ ਸਦਨ ਦੀ ਕਾਰਵਾਈ: ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਐਲਾਨ

ਸਮੂਹ ਵਿਧਾਇਕਾਂ ਦੇ ਮੇਜ਼ਾਂ ‘ਤੇ ਲੱਗਣਗੇ ਟੈਬਲੇਟ

ਅਗਲੇ ਸੈਸ਼ਨ ਤੋਂ ਸਦਨ ਦੀ ਕਾਰਵਾਈ ਹੋਵੇਗੀ ਹਾਈ-ਟੈਕ

ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਰਾਹੀਂ ਸਦਨ ਸਬੰਧੀ ਜਾਣਕਾਰੀ ਦਾ ਹੋਵੇਗਾ ਅਦਾਨ-ਪ੍ਰਦਾਨ

ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਵਰਕ ਆਰਡਰ ਜਾਰੀ

ਚੰਡੀਗੜ੍ਹ, 20 ਜੂਨ 2023 (ਦੀ ਪੰਜਾਬ ਵਾਇਰ)। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਐਲਾਨ ਕੀਤਾ ਕਿ ਵਾਤਾਵਰਣ-ਪੱਖੀ ਪਹਿਲ ਤਹਿਤ ਪੰਜਾਬ ਵਿਧਾਨ ਸਭਾ ਦੇ ਸਦਨ ਦਾ ਸਾਰਾ ਕੰਮਕਾਜ ਛੇਤੀ ਹੀ ਕਾਗ਼ਜ਼-ਮੁਕਤ ਹੋਵੇਗਾ।

ਅੱਜ ਵਿਧਾਨ ਸਭਾ ਦੇ ਇਜਲਾਸ ਦੌਰਾਨ ਜਾਣਕਾਰੀ ਦਿੰਦਿਆਂ ਸਪੀਕਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਬਜਟ ਸੈਸ਼ਨ ਦੌਰਾਨ ਕੀਤੇ ਐਲਾਨ ਮੁਤਾਬਕ ਵਾਤਾਵਰਣ-ਪੱਖੀ ਪਹਿਲ ਸਦਕਾ ਸਰਕਾਰ ਵੱਲੋਂ ਸਾਰੇ ਵਿਧਾਇਕਾਂ ਦੇ ਮੇਜ਼ਾਂ ‘ਤੇ ਟੈਬਲੇਟ ਲਾਉਣ ਦਾ ਕਾਰਜ ਅਰੰਭਿਆ ਗਿਆ ਹੈ ਜਿਸ ਨਾਲ ਸਦਨ ਦੀ ਕਾਰਵਾਈ ਆਨਲਾਈਨ ਹੋ ਜਾਵੇਗੀ।

ਉਨ੍ਹਾਂ ਦੱਸਿਆ ਕਿ ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਟੈਬਲੇਟ ਖ਼ਰੀਦਣ ਸਬੰਧੀ ਵਰਕ ਆਰਡਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਅਗਲੇ ਸੈਸ਼ਨ ਤੋਂ ਸਦਨ ਦੀ ਸਾਰੀ ਕਾਰਵਾਈ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪਿੱਛੋਂ ਸਦਨ ਸਬੰਧੀ ਸਾਰੀ ਜਾਣਕਾਰੀ ਦਾ ਅਦਾਨ-ਪ੍ਰਦਾਨ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਰਾਹੀਂ ਹੋਵੇਗਾ ਅਤੇ ਸਦਨ ਦੇ ਟੇਬਲ ‘ਤੇ ਰੱਖੇ ਜਾਣ ਕਾਗ਼ਜ਼-ਪੱਤਰ ਵੀ ਇਲੈਕਟ੍ਰਾਨਿਕ ਵਿਧੀ ਰਾਹੀਂ ਹੀ ਰੱਖੇ ਜਾਣਗੇ।

ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਹ ਪ੍ਰਣਾਲੀ ਲਾਗੂ ਹੋਣ ਨਾਲ ਜਿੱਥੇ ਕਾਗ਼ਜ਼ ਦੀ ਬੱਚਤ ਹੋਵੇਗੀ, ਉਥੇ ਚੌਗਿਰਦੇ ਨੂੰ ਪ੍ਰਦੂਸ਼ਣ ਤੋਂ ਬਚਾਉਣ ਸਬੰਧੀ ਸਰਕਾਰ ਦੇ ਉਪਰਾਲਿਆਂ ਵਿੱਚ ਵੀ ਮਦਦ ਮਿਲੇਗੀ। ਉੁਨ੍ਹਾਂ ਕਿਹਾ ਕਿ ਇਸ ਨਾਲ ਸਦਨ ਦੇ ਕੰਮ-ਕਾਰ ਵਿੱਚ ਹੋਰ ਪਾਰਦਰਸ਼ਤਾ ਆਵੇਗੀ।

ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਸਕੱਤਰੇਤ ਵੱਲੋਂ ਐਨ.ਆਈ.ਸੀ. ਪੰਜਾਬ ਅਤੇ ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਸਹਿਯੋਗ ਨਾਲ 26 ਜੂਨ, 2023 ਨੂੰ ਰਾਜ ਦੇ ਸਾਰੇ ਵਿਭਾਗਾਂ ਦੇ ਨੋਡਲ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਲਈ ਵਿਸ਼ੇਸ਼ ਟ੍ਰੇਨਿੰਗ ਰੱਖੀ ਗਈ ਹੈ ਜਿਸ ਵਿੱਚ ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਵਿਧਾਨ ਸਭਾ ਸਕੱਤਰੇਤ ਵੱਲੋਂ ਭੇਜੇ ਗਏ ਨੋਟਿਸਾਂ ਦੇ ਜਵਾਬ ਕਿਸੇ ਤਰ੍ਹਾਂ ਦਿੱਤੇ ਜਾਣੇ ਹਨ।

ਸਪੀਕਰ ਨੇ ਕਿਹਾ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਪਹਿਲ ਸਦਕਾ ਜੁਲਾਈ ਮਹੀਨੇ ਵਿੱਚ ਸਾਰੇ ਵਿਧਾਇਕਾਂ ਲਈ ਦੋ ਦਿਨਾ ਵਰਕਸ਼ਾਪ ਲਗਾਈ ਜਾਵੇਗੀ ਜਿਸ ਵਿੱਚ ਸਾਰੇ ਵਿਧਾਇਕਾਂ ਨੂੰ ਨਵੀਂ ਆਨਲਾਈਨ ਪ੍ਰਣਾਲੀ ਅਤੇ ਪ੍ਰਾਜੈਕਟ ਸਬੰਧੀ ਸਾਰੀ ਜਾਣਕਾਰੀ ਦਿੱਤੀ ਜਾਵੇਗੀ।

FacebookTwitterEmailWhatsAppTelegramShare
Exit mobile version