ਮਾਲ ਵਿਭਾਗ ਦੇ ਕੰਮਕਾਜ ਨੂੰ ਹੋਰ ਵਧੇਰੇ ਪ੍ਰਭਾਵੀ ਤੇ ਪਾਰਦਰਸ਼ੀ ਬਣਾਉਣ ਲਈ ਦੋ ਵੱਖ-ਵੱਖ ਹੈਲਪ ਲਾਈਨ ਨੰਬਰ ਜਾਰੀ

ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ ‘94641-00168’ ਜਾਰੀ

ਮਾਲ ਵਿਭਾਗ ਨਾਲ ਸਬੰਧਤ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਲਝਾਉਣ ਲਈ ਇਕ ਹੋਰ ਨੰਬਰ 8184900002 ਦੀ ਸ਼ੁਰੂਆਤ

ਗੁਰਦਾਸਪੁਰ, 22 ਮਈ 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਅਤੇ ਸਥਾਨਕ ਲੋਕਾਂ ਦੇ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਨੂੰ ਅਸਾਨ ਕਰਨ ਲਈ ਦੋ ਵੱਖ-ਵੱਖ ਹੈਲਪ ਲਾਈਨਾਂ ਚਲਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪਰਵਾਸੀ ਭਾਰਤੀਆਂ (ਐਨ.ਆਰ.ਆਈਜ਼) ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਐਨ.ਆਰ.ਆਈਜ਼ ਦੀਆਂ ਮਾਲ ਵਿਭਾਗ ਨਾਲ ਸਬੰਧਤ ਸ਼ਿਕਾਇਤਾਂ ਅਤੇ ਜ਼ਮੀਨ ਦੇ ਰਿਕਾਰਡ ਦਾ ਪਤਾ ਲਾਉਣ ਲਈ ਉਨ੍ਹਾਂ ਵਾਸਤੇ ਵਿਸ਼ੇਸ਼ ਹੈਲਪਲਾਈਨ ਨੰਬਰ ‘94641-00168’ ਜਾਰੀ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਹ ਹੈਲਪਲਾਈਨ ਨੰਬਰ ਵਿਦੇਸ਼ਾਂ ਵਿਚ ਰਹਿ ਰਹੇ ਸਮੁੱਚੇ ਪੰਜਾਬੀ ਭਾਈਚਾਰੇ ਲਈ ਬਹੁਤ ਲਾਭਕਾਰੀ ਸਾਬਤ ਹੋ ਰਿਹਾ ਹੈ ਅਤੇ ਪ੍ਰਵਾਸੀ ਭਾਰਤੀ ਇਸ ਨੰਬਰ ਉੱਪਰ ਮਾਲ ਵਿਭਾਗ ਨਾਲ ਸਬੰਧਤ ਆਪਣੀ ਜ਼ਮੀਨ ਜਾਇਦਾਦ ਦੇ ਰਿਕਾਰਡ ਸਬੰਧੀ ਕੋਈ ਵੀ ਸ਼ਿਕਾਇਤ ਕਰ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਪਹਿਲਕਦਮੀ ਕਰਦੇ ਹੋਏ ਪੰਜਾਬ ਵਾਸੀਆਂ ਲਈ ਜ਼ਮੀਨ ਦੇ ਰਿਕਾਰਡ ਦੇ ਮਾਮਲਿਆਂ ਪ੍ਰਤੀ ਸਹੂਲਤ ਵਜੋਂ ਅਜਿਹੇ ਇਕ ਹੋਰ ਨੰਬਰ 8184900002 ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੰਬਰਾਂ ਉਤੇ ਦਰਜ ਹੋਣ ਵਾਲੀਆਂ ਸ਼ਿਕਾਇਤਾਂ ਨੂੰ 21 ਦਿਨਾਂ ਵਿਚ ਸੁਲਝਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦਾ ਇਹ ਉਪਰਾਲਾ ਮਾਲ ਵਿਭਾਗ ਦੇ ਕੰਮਕਾਜ ਨੂੰ ਹੋਰ ਵਧੇਰੇ ਪ੍ਰਭਾਵੀ ਬਣਾਉਣ ਦੇ ਨਾਲ-ਨਾਲ ਪਾਰਦਰਸ਼ਤਾ ਲਿਆਏਗਾ।    

FacebookTwitterEmailWhatsAppTelegramShare
Exit mobile version