ਮੁਲਕ ਵਿੱਚ ‘ਜਮਹੂਰੀਅਤ ਦੇ ਕਤਲ’ ਦੇ ਨਾ-ਮੁਆਫੀਯੋਗ ਗੁਨਾਹ ਲਈ ਭਾਜਪਾ ਜ਼ਿੰਮੇਵਾਰ-ਮੁੱਖ ਮੰਤਰੀ

ਜੇਕਰ ਸੰਵਿਧਾਨ ਵਿੱਚ ਅਜਿਹੇ ਅਪਰਾਧ ਲਈ ਕੋਈ ਸਜ਼ਾ ਦਾ ਵਿਧਾਨ ਹੁੰਦਾ ਤਾਂ ਸਮੁੱਚੀ ਭਾਜਪਾ ਲੀਡਰਸ਼ਿਪ ਨੂੰ ਹੋਣੀ ਸੀ ਫਾਂਸੀ

ਭਾਜਪਾ ਨੇ ਭਾਰਤੀ ਸੰਵਿਧਾਨ ਦੇ ਸਰਪ੍ਰਸਤਾਂ ਖਾਸ ਕਰਕੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਵਰਗਿਆਂ ਨੂੰ ਵਿਸਾਰਿਆ-ਮੁੱਖ ਮੰਤਰੀ

ਜੇਕਰ ਦੇਸ਼ ਨੂੰ ਇਕ ਪ੍ਰਧਾਨ ਮੰਤਰੀ ਅਤੇ 30-31 ਰਾਜਪਾਲਾਂ ਨਾਲ ਹੀ ਚਲਾਉਣਾ ਹੈ ਤਾਂ ਚੋਣਾਂ ਉਤੇ ਕਰੋੜਾਂ ਰੁਪਏ ਖਰਚਣ ਦੀ ਕੀ ਲੋੜ-ਭਗਵੰਤ ਮਾਨ

ਚੰਡੀਗੜ੍ਹ, 20 ਮਈ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਮੁਲਕ ਵਿੱਚ ‘ਜਮਹੂਰੀਅਤ ਦੇ ਕਤਲ’ ਦੇ ਨਾ-ਮੁਆਫੀਯੋਗ ਜੁਰਮ ਨਾਲ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਦੇ ਹੱਥ ਰੰਗੇ ਹੋਏ ਹਨ।

ਅੱਜ ਇੱਥੋਂ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਭਗਵਾਂ ਪਾਰਟੀ ਨੇ ਗੈਰ-ਜਮਹੂਰੀ ਢੰਗ ਨਾਲ ਵਿਰੋਧੀ ਧਿਰਾਂ ਦੀ ਆਵਾਜ਼ ਨੂੰ ਦਬਾ ਕੇ ਲੋਕਤੰਤਰ ਦੀ ਮੂਲ ਭਾਵਨਾ ਨੂੰ ਡੂੰਘੀ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਦੇਸ਼ ਵਿੱਚ ਜਮਹੂਰੀਅਤ ਦੀ ਮਰਿਆਦਾ ਨੂੰ ਨਾ-ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਇਆ ਹੈ, ਜੋ ਸਮੁੱਚੇ ਦੇਸ਼ ਅਤੇ ਇੱਥੋਂ ਦੇ ਲੋਕਾਂ ਲਈ ਬਹੁਤ ਘਾਤਕ ਹੈ। ਭਗਵੰਤ ਮਾਨ ਨੇ ਕਿਹਾ, “ਜੇਕਰ ਭਾਰਤ ਦੇ ਸੰਵਿਧਾਨ ਵਿੱਚ ਅਜਿਹੇ ਨਾ-ਮੁਆਫੀਯੋਗ ਅਪਰਾਧ ਲਈ ਕੋਈ ਸਜ਼ਾ ਦੀ ਵਿਵਸਥਾ ਹੁੰਦੀ ਤਾਂ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਫਾਂਸੀ ਦੇ ਫੰਦੇ ‘ਤੇ ਲਟਕੀ ਹੋਣੀ ਸੀ।”

ਮੁੱਖ ਮੰਤਰੀ ਨੇ ਕਿਹਾ ਕਿ ਸੌੜੀ ਤੇ ਸੰਕੀਰਣ ਸੋਚ ਵਾਲੇ ਇਨ੍ਹਾਂ ਆਗੂਆਂ ਨੇ ਲੋਕਤੰਤਰੀ ਕਦਰਾਂ-ਕੀਮਤਾਂ ਦਾ ਘਾਣ ਕਰਕੇ ਭਾਰਤੀ ਸੰਵਿਧਾਨ ਦੇ ਸਰਪ੍ਰਸਤਾਂ ਖਾਸ ਕਰਕੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦਾ ਘੋਰ ਨਿਰਾਦਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਦੇ ਲੋਕਤੰਤਰੀ ਢਾਂਚੇ ਅਤੇ ਭਾਰਤੀ ਸੰਵਿਧਾਨ ਵਿੱਚ ਅਥਾਹ ਆਸਥਾ ਰੱਖਣ ਵਾਲੇ ਹਰ ਦੇਸ਼ ਵਾਸੀ ਦੇ ਮਨ ਨੂੰ ਗਹਿਰੀ ਠੇਸ ਪਹੁੰਚੀ ਹੈ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੇ ਲੋਕ ਭਾਜਪਾ ਨੂੰ ਇਸ ਕੋਝੀ ਹਰਕਤ ਲਈ ਕਦੇ ਵੀ ਮੁਆਫ ਨਹੀਂ ਕਰਨਗੇ ਅਤੇ ਉਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।

ਮੁੱਖ ਮੰਤਰੀ ਨੇ ਵਿਅੰਗ ਕਰਦਿਆਂ ਕਿਹਾ, “ਜੇਕਰ ਦੇਸ਼ ਨੂੰ ਇਕ ਪ੍ਰਧਾਨ ਮੰਤਰੀ ਅਤੇ 30-31 ਰਾਜਪਾਲਾਂ ਨੇ ਹੀ ਚਲਾਉਣਾ ਹੈ ਤਾਂ ਚੋਣ ਪ੍ਰਕਿਰਿਆ ‘ਤੇ ਕਰੋੜਾਂ ਰੁਪਏ ਖਰਚਣ ਦੀ ਕੀ ਲੋੜ ਰਹਿ ਜਾਂਦੀ ਹੈ।” ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਲੋਕ ਸਰਵਉੱਚ ਹੁੰਦੇ ਹਨ ਅਤੇ ਸਰਕਾਰ ਉਨ੍ਹਾਂ ਦੁਆਰਾ ਚੁਣੇ ਗਏ ਲੋਕਾਂ ਰਾਹੀਂ ਚਲਾਈ ਜਾਂਦੀ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਭਾਜਪਾ ਦੇ ਨਾਦਰਸ਼ਾਹੀ ਨਿਜ਼ਾਮ ਦੌਰਾਨ ਕੇਂਦਰ ਦੇ ਕੁਝ ਚੁਣੇ ਹੋਏ ਵਿਅਕਤੀ ਸੂਬਿਆਂ ਦੇ ਮਾਮਲਿਆਂ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਕਰ ਰਹੇ ਹਨ , ਜੋ ਨਾ-ਸਹਿਣਯੋਗ ਹੈ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦਿਆਂ ‘ਤੇ ਜਬਰੀ ਧੌਂਸ ਜਮਾਉਣ ਲਈ ਇਨ੍ਹਾਂ ਗਿਣੇ-ਚੁਣੇ ਵਿਅਕਤੀਆਂ ਦੀ ਪੁਸ਼ਤਪਨਾਹੀ ਕਰ ਰਹੀ ਹੈ, ਜੋ ਕਿ ਲੋਕਤੰਤਰ ਲਈ ਬਹੁਤ ਘਾਤਕ ਤੇ ਗ਼ੈਰ-ਵਾਜਿਬ ਹੈ।

FacebookTwitterEmailWhatsAppTelegramShare
Exit mobile version