ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਵਿਦੇਸ਼ ਮੰਤਰੀ ਨੂੰ ਮਸਕਟ ‘ਚ ਫਸੀਆਂ ਪੰਜਾਬੀ ਮਹਿਲਾਵਾਂ ਬਾਰੇ ਲਿਖਿਆ ਪੱਤਰ

ਇਨ੍ਹਾਂ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਬੰਧਤ ਦੂਤਾਵਾਸ ਕੋਲ ਮਾਮਲਾ ਉਠਾਉਣ ਦੀ ਕੀਤੀ ਮੰਗ

ਚੰਡੀਗੜ੍ਹ, 12 ਮਈ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਓਮਾਨ ਦੀ ਰਾਜਧਾਨੀ ਮਸਕਟ ਵਿੱਚ ਫਸੀਆਂ ਪੰਜਾਬੀ ਮਹਿਲਾਵਾਂ ਬਾਰੇ ਅੱਜ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਪੱਤਰ ਲਿਖਿਆ ਹੈ। ਉਹਨਾਂ ਨੇ ਇਨ੍ਹਾਂ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਇਹਨਾਂ ਨੂੰ ਭਾਰਤ ਵਾਪਸ ਲਿਆਉਣ ਲਈ ਲੋੜੀਂਦੇ ਕਦਮ ਚੁੱਕਣ ਲਈ ਸਬੰਧਤ ਦੂਤਾਵਾਸਾਂ ਕੋਲ ਮਾਨਵੀ ਆਧਾਰ ‘ਤੇ ਮਾਮਲਾ ਉਠਾਉਣ ਦੀ ਬੇਨਤੀ ਕੀਤੀ ਹੈ।

ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਵਿਦੇਸ਼ ਮੰਤਰੀ ਨੂੰ ਪੱਤਰ ਰਾਹੀਂ ਲਿਖਿਆ ਕਿ ਮੈਂ ਤੁਹਾਡਾ ਧਿਆਨ ਮਸਕਟ ਵਿੱਚ ਪੰਜਾਬੀ ਮਹਿਲਾਵਾਂ ਦੇ ਫਸੇ ਹੋਣ ਸਬੰਧੀ ਵਾਇਰਲ ਹੋਈ ਇਕ ਵੀਡੀਓ ਅਤੇ ਕੁਝ ਅਖਬਾਰਾਂ ਵਿੱਚ ਛਪੀ ਖ਼ਬਰ ਵੱਲ ਲੈ ਜਾਣਾ ਚਾਹੁੰਦਾ ਹਾਂ। ਉਹਨਾਂ ਲਿਖਿਆ ਕਿ ਇਨ੍ਹਾਂ ਮਹਿਲਾਵਾਂ ਵਿੱਚੋਂ ਜ਼ਿਆਦਤਰ ਹੈਦਰਾਬਾਦ ਦੇ ਇੱਕ ਏਜੰਟ ਰਾਹੀਂ ਰੁਜ਼ਗਾਰ ਦੀ ਭਾਲ ਵਿੱਚ ਉੱਥੇ ਗਈਆਂ ਸਨ।

ਉਹਨਾਂ ਨੇ ਇਹ ਵੀ ਲਿਖਿਆ ਕਿ ਬੇਈਮਾਨ ਏਜੰਟਾਂ ਵੱਲੋਂ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਵਿਦੇਸ਼ ਮੰਤਰਾਲੇ ਵੱਲੋਂ ਜ਼ਰੂਰੀ ਕਦਮ ਵੀ ਚੁੱਕੇ ਜਾਣ ਤਾਂ ਜੋ ਭੋਲੀਆ-ਭਾਲੀਆਂ ਮਹਿਲਾਵਾਂ ਨਾਲ ਧੋਖਾ ਨਾ ਕੀਤਾ ਜਾ ਸਕੇ।

FacebookTwitterEmailWhatsAppTelegramShare
Exit mobile version