ਮੁੱਖ ਮੰਤਰੀ ਦੀ ਅਗਵਾਈ ਵਿਚ ਵਜ਼ਾਰਤ ਵੱਲੋਂ ਪੰਜਾਬ ਵਾਸੀਆਂ ਨੂੰ ਵੱਡੀ ਰਾਹਤ, ਜ਼ਮੀਨ-ਜਾਇਦਾਦ ਦੀ ਰਜਿਸਟ੍ਰੇਸ਼ਨ ਲਈ ਸਟੈਂਪ ਡਿਊਟੀ ਤੇ ਫੀਸ ’ਚ ਛੋਟ ਦੀ ਤਰੀਕ 15 ਮਈ ਤੱਕ ਵਧਾਈ

ਲੁਧਿਆਣਾ, 28 ਅਪ੍ਰੈਲ 2023 (ਦੀ ਪੰਜਾਬ ਵਾਇਰ)। ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਮੰਤਰੀ ਮੰਡਲ ਨੇ ਅੱਜ ਜ਼ਮੀਨ-ਜਾਇਦਾਦ ਦੀ ਰਜਿਸਟ੍ਰੇਸ਼ਨ ਉਤੇ ਵਸੂਲੀ ਜਾਂਦੀ ਸਟੈਂਪ ਡਿਊਟੀ ਅਤੇ ਫੀਸ ਵਿਚ 2.25 ਫੀਸਦੀ ਛੋਟ ਦੇਣ ਦੇ ਸਮੇਂ ਵਿਚ ਵਾਧਾ ਕਰਦੇ ਹੋਏ ਇਸ ਦੀ ਤਰੀਕ 15 ਮਈ ਤੱਕ ਵਧਾ ਦਿੱਤੀ ਹੈ।

ਇਸ ਬਾਰੇ ਫੈਸਲਾ ਸਥਾਨਕ ਸਰਕਟ ਹਾਊਸ ਵਿਖੇ ਮੁੱਖ ਮੰਤਰੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਇਹ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਵਡੇਰੇ ਜਨਤਕ ਹਿੱਤ ਵਿਚ ਮੰਤਰੀ ਮੰਡਲ ਨੇ 15 ਮਈ ਤੱਕ ਜ਼ਮੀਨ/ਜਾਇਦਾਦ ਦੀ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਲਈ ਸਟੈਂਪ ਡਿਊਟੀ ਤੇ ਫੀਸ ਵਿਚ 2.25 ਫੀਸਦੀ ਦੀ ਛੋਟ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਰਜਿਸਟਰੀ ਕਰਵਾਉਣ ਵਾਲਿਆਂ ਨੂੰ ਇਕ ਫੀਸਦੀ ਐਡੀਸ਼ਨਲ ਸਟੈਂਪ ਡਿਊਟੀ, ਇਕ ਫੀਸਦੀ ਪੀ.ਆਈ.ਡੀ.ਬੀ. ਫੀਸ ਅਤੇ 0.25 ਫੀਸਦੀ ਵਿਸ਼ੇਸ਼ ਫੀਸ ਤੋਂ ਛੋਟ ਹੋਵੇਗੀ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਇਹ ਸਕੀਮ ਸਭ ਤੋਂ ਪਹਿਲਾਂ 31 ਮਾਰਚ ਤੱਕ ਲਾਗੂ ਕੀਤੀ ਸੀ ਅਤੇ ਲੋਕਾਂ ਦਾ ਵੱਡਾ ਹੁੰਗਾਰਾ ਮਿਲਣ ਪਿੱਛੋਂ ਇਸ ਵਿਚ 30 ਅਪ੍ਰੈਲ ਤੱਕ ਵਾਧਾ ਕੀਤਾ ਗਿਆ ਸੀ ਅਤੇ ਹੁਣ ਇਹ ਤਰੀਕ 15 ਮਈ ਤੱਕ ਵਧਾ ਦਿੱਤੀ ਹੈ।

FacebookTwitterEmailWhatsAppTelegramShare
Exit mobile version