ਕਾਂਗਰਸੀ ਵਿਧਾਇਕ ਸੁਖ਼ਪਾਲ ਖ਼ਹਿਰਾ ਖਿਲਾਫ਼ ਹੋਇਆ ਮਾਮਲਾ ਦਰਜ, SDM ਦੀ ਸ਼ਿਕਾਇਤ ਤੇ ਦਰਜ ਹੋਇਆ ਮਾਮਲਾ

Sukhpal Khaira

ਕਪੂਰਥਲਾ, 27 ਅਪ੍ਰੈਲ, 2023 (ਦੀ ਪੰਜਾਬ ਵਾਇਰ)। ਕਾਂਗਰਸ ਦੇ ਹਲਕਾ ਭੁਲੱਥ ਤੋਂ ਵਿਧਾਇਕ ਸ: ਸੁਖ਼ਪਾਲ ਸਿੰਘ ਖ਼ਹਿਰਾ ਦੇ ਖਿਲਾਫ਼ ਭੁਲੱਥ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਭੁਲੱਥ ਦੇ ਐੱਸ.ਡੀ.ਐੱਮ.ਸੰਜੀਵ ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।

ਪਤਾ ਲੱਗਾ ਹੈ ਕਿ 29 ਮਾਰਚ ਨੂੰ ਸ: ਸੁਖ਼ਪਾਲ ਸਿੰਘ ਖ਼ਹਿਰਾ ਆਪਣੇ ਸਾਥੀਆਂ ਦੇ ਨਾਲ ਐੱਸ.ਡੀ.ਐੱਮ. ਭੁਲੱਥ ਦੇ ਦਫ਼ਤਰ ਗਏ ਸਨ ਜਿੱਥੇ ਸੰਜੀਵ ਕੁਮਾਰ ਹਾਜ਼ਰ ਨਹੀਂ ਸਨ।

ਇਸ ਮੌਕੇ ਸ੍ਰੀ ਖ਼ਹਿਰਾ ਨੇ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਉਨ੍ਹਾਂ ਦੇ ਦਫ਼ਤਰ ਤੋਂ ਹੀ ਫ਼ੇਸਬੁੱਕ ’ਤੇ ਲਾਈਵ ਹੋ ਕੇ ਅਤੇ ਉਨ੍ਹਾਂ ਨੂੰ ਫ਼ੋਨ ’ਤੇ ਲੈ ਕੇ ਸਪੀਕਰਫ਼ੋਨ ਰਾਹੀਂ ਗੱਲਾਂ ਕੀਤੀਆਂ ਸਨ ਜਿਸ ਵਿੱਚ ਉਨ੍ਹਾਂ ਨੇ ‘ਆਪ’ ਦੇ ਉਨ੍ਹਾਂ ਤੋਂ ਹਾਰੇ ਉਮੀਦਵਾਰ ਵੱਲੋਂ ਨੀਂਹ ਪੱਥਰ ਰੱਖੇ ਜਾਣ ’ਤੇ ਇਤਰਾਜ਼ ਜਤਾਉਂਦਿਆਂ ਉਨ੍ਹਾਂ ਵੱਲੋਂ ਦਿੱਤੀ ਸ਼ਿਕਾਇਤ ਬਾਰੇ ਸ੍ਰੀ ਸੰਜੀਵ ਕੁਮਾਰ ਨੂੰ ਪੁੱਛਿਆ ਸੀ ਅਤੇ ਇਹ ਕਿਹਾ ਸੀ ਕਿ ਜੇ ਉਨ੍ਹਾਂ ਦੀ ਸ਼ਿਕਾਇਤ ’ਤੇ ਕਾਰਵਾਈ ਨਾ ਹੋਈ ਤਾਂ ਐੱਸ.ਡੀ.ਐੱਮ. ਦਫ਼ਤਰ ਘੇਰਿਆ ਜਾਵੇਗਾ। ਇਸ ਤੋਂ ਬਾਅਦ ਸ: ਖ਼ਹਿਰਾ ਨੇ ਐੱਸ.ਡੀ.ਐੱਮ. ਦਫ਼ਤਰ ਦਾ ਘਿਰਾਉ ਵੀ ਕੀਤਾ ਸੀ।

ਪਤਾ ਲੱਗਾ ਹੈ ਕਿ ਇਸੇ ਆਧਾਰ ’ਤੇ ਐੱਸ.ਡੀ.ਐੱਮ. ਵੱਲੋਂ ਮਿਲੀ ਸ਼ਿਕਾਇਤ ’ਤੇ ਸ: ਖ਼ਹਿਰਾ ਵਿਰੁੱਧ ਸਰਕਾਰੀ ਅਧਿਕਾਰੀ ਨੂੰ ਧਮਕੀ ਦੇਣ ਅਤੇ ਉਨ੍ਹਾਂ ਦੀ ਮਾਣ ਮਰਿਆਦਾ ਨੂੰ ਠੇਸ ਪੁਚਾਉਣ ਤੋਂ ਇਲਾਵਾ ਕੁਝ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

FacebookTwitterEmailWhatsAppTelegramShare
Exit mobile version