ਅੰਸਾਰੀ ਮਾਮਲੇ ‘ਚ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦਾ ਮੁੱਖ ਮੰਤਰੀ ਮਾਨ ਨੂੰ ਜਵਾਬ, ਕਿਹਾ ਹਰ ਜਾਂਚ ਲਈ ਤਿਆਰ, ਕੈਪਟਨ ਅਮਰਿੰਦਰ ਸਿੰਘ ਦੇ ਸਿਰ ਭੰਨਿਆ ਭਾਂਡਾ

ਚੰਡੀਗੜ੍ਹ, 20 ਅਪ੍ਰੈਲ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁਖਤਾਰ ਅੰਸਾਰੀ ਮਾਮਲੇ ‘ਚ ਖਰਚ ਕੀਤੇ ਲੱਖਾਂ ਰੁਪਈਆਂ ਦਾ ਹਿਸਾਬ ਉਸ ਵੇਲੇ ਦੇ ਮੰਤਰੀਆਂ ਤੋਂ ਵਸੂਲ ਕਰਨ ਦਾ ਦਾਅਵਾ ਕੀਤਾ ਤਾਂ ਸਾਬਕਾ ਜੇਲ੍ਹ ਤੇ ਗ੍ਰਹਿ ਮੰਤਰੀ ਰੰਧਾਵਾ ਵੀ ਸਾਹਮਣੇ ਆਏ ਤੇ ਹਰ ਸਵਾਲ ਦਾ ਜਵਾਬ ਦਿੱਤਾ।

ਇੱਕ ਚੈਨਲ ਅਨੁੁਸਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਪਹਿਲਾਂ ਵੀ ਜਾਂਚ ਟੀਮ ਨੂੰ ਹਰ ਤੱਥ ਤੋਂ ਜਾਣੂ ਕਰਵਾ ਚੁੱਕੇ ਹਨ, ਪਰ ਜੇਕਰ ਫੇਰ ਵੀ ਲੋੜ ਪਈ ਤਾਂ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ, ਓਹਨਾਂ ਦੱਸਿਆ ਕੀ ਜੇਲ੍ਹ ਮੰਤਰੀ ਹੁੰਦਿਆਂ ਓਹਨਾਂ ਦੀ ਜਿੰਮੇਵਾਰੀ ਸਿਰਫ ਜੇਲ੍ਹ ਅੰਦਰ ਆਏ ਕੈਦੀਆਂ ਨੂੰ ਸੰਭਾਲਣ ਦੀ ਸੀ, ਕਿਸੇ ਵੀ ਕੈਦੀ ਨਾਲ ਜੁੜੇ ਅਦਾਲਤੀ ਖਰਚੇ ਜਾਂ ਹੋਰ ਫੈਸਲਿਆਂ ਦਾ ਅਧਿਕਾਰ ਗ੍ਰਹਿ ਵਿਭਾਗ ਕੋਲ ਹੁੰਦਾ ਹੈ, ਅਤੇ ਉਸ ਵੇਲੇ ਗ੍ਰਹਿ ਮਹਿਕਮਾ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਸੀ।

ਰੰਧਾਵਾ ਨੇ ਸਪੱਸ਼ਟ ਕੀਤਾ ਕਿ ਜਦ ਉਹ ਤਿੰਨ ਮਹੀਨੇ ਲਈ ਸੂਬੇ ਦੇ ਗ੍ਰਹਿ ਮੰਤਰੀ ਬਣੇ ਤਾਂ ਉਹਨਾਂ ਕੋਲ ਮੁਖਤਾਰ ਅੰਸਾਰੀ ਮਾਮਲੇ ‘ਚ ਹੋਏ ਖਰਚ ਵਾਲੀ ਫਾਈਲ ਪਹੁੰਚੀ ਸੀ, ਪਰ ਪਾਸ ਨਹੀਂ ਸੀ ਕੀਤਾ, ਸਗੋਂ ਪੂਰਾ ਮਾਮਲਾ ਰੀਵਿਊ ਕਰਨ ਲਈ ਮੁੱਖ ਸਕੱਤਰ ਨੂੰ ਫਾਈਲ ਭੇਜ ਦਿੱਤੀ ਸੀ। ਸਾਬਕਾ ਗ੍ਰਹਿ ਮੰਤਰੀ ਨੇ ਆਪਣਾ ਪੱਖ ਸਪੱਸ਼ਟ ਕਰਦਿਆਂ ਦੱਸਿਆ ਕਿ ਓਹਨਾਂ ਤਾਂ ਜੇਲ੍ਹ ਮੰਤਰੀ ਹੁੰਦਿਆਂ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਵੀ ਲਿਖਿਆ ਸੀ ਕਿ ਅੰਸਾਰੀ ਨੂੰ ਪੰਜਾਬ ਵਿੱਚ ਨਹੀਂ ਰੱਖਣਾ ਚਾਹੀਦਾ, ਕਿਉਂਕਿ ਅਜਿਹੇ ਹੋਣ ਤੇ ਸੂਬਾ ਸਰਕਾਰ ਅਤੇ ਕਾਂਗਰਸ ਪਾਰਟੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

FacebookTwitterEmailWhatsAppTelegramShare
Exit mobile version