ਗੁਰਦਾਸਪੁਰ, 15 ਅਪ੍ਰੈਲ 2023 (ਦੀ ਪੰਜਾਬ ਵਾਇਰ)। ਥਾਣਾ ਦੀਨਾਨਗਰ ਦੀ ਪੁਲੀਸ ਨੇ ਪਿੰਡ ਧਮਰਾਈ ਨੇੜੇ ਦਰੱਖਤ ਕੱਟਣ, ਪੰਜ ਦਰੱਖਤ ਚੋਰੀ ਕਰਨ ਅਤੇ ਰੋਕੇ ਜਾਣ ’ਤੇ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੂੰ ਧੱਕਾ ਮੁੱਕੀ ਕਰਨ ਦੇ ਦੋਸ਼ ਹੇਠ 17 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਾਲਾਂਕਿ ਬਾਅਦ ‘ਚ ਪੁਲਸ ਨੇ ਇਕ ਦੋਸ਼ੀ ਨੂੰ ਚੋਰੀ ਦੇ ਦਰੱਖਤ ਸਮੇਤ ਗ੍ਰਿਫਤਾਰ ਕਰ ਲਿਆ।
ਵਣ ਰੇਂਜ ਅਫਸਰ ਗੁਰਦਾਸਪੁਰ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫੀਲਡ ਸਟਾਫ ਵਣ ਵਿਭਾਗ ਤੋਂ ਸ਼ਿਕਾਇਤ ਮਿਲੀ ਸੀ ਕਿ ਮੁਲਜ਼ਮ ਨੂਰ ਮੁਹੰਮਦ ਪੁੱਤਰ ਨੂਰ ਬਖਸ਼ ਅਤੇ ਮਸਕੀਨ ਪੁੱਤਰ ਨੂਰ ਮੁਹੰਮਦ ਦੋਵੇਂ ਵਾਸੀ ਧਮਰਾਈ ਆਪਣੇ 15 ਅਣਪਛਾਤੇ ਸਾਥੀਆਂ ਸਮੇਤ ਪਿੰਡ ਧਮਰਾਈ ਕੋਲ ਯੂ.ਬੀ.ਡੀ.ਸੀ.ਆਰ.ਡੀ. 103 ਤੋਂ 104 ਵਾਲੇ ਪਾਸੇ ਦਰੱਖਤ ਦੀ ਕਟਾਈ ਕਰ ਰਹੇ ਹਨ। ਸੂਚਨਾ ਮਿਲਣ ’ਤੇ ਵਣ ਗਾਰਡ ਹਰਪਾਲ ਸਿੰਘ ਅਤੇ ਵਣ ਬਲਾਕ ਅਫ਼ਸਰ ਦੀਨਾਨਗਰ ਕਮਲਦੀਪ ਸਿੰਘ ਮੌਕੇ ’ਤੇ ਪੁੱਜੇ ਅਤੇ ਦੇਖਿਆ ਕਿ ਉਕਤ ਵਿਅਕਤੀ ਦਰੱਖਤ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਵੱਢ ਰਹੇ ਸਨ। ਜਦੋਂ ਜੰਗਲਾਤ ਅਮਲੇ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਮੁਲਜ਼ਮਾਂ ਨੇ ਜੰਗਲਾਤ ਅਮਲੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਦੋਸ਼ੀ ਰੁੱਖ ਚੋਰੀ ਕਰ ਮੌਕੇ ਤੋਂ ਫਰਾਰ ਹੋ ਗਿਆ।
ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦਰਜ ਕਰ ਕੇ ਨੂਰ ਮੁਹੰਮਦ ਨੂੰ ਚੋਰੀ ਦੇ ਦਰੱਖਤਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।