ਮੁੱਖ ਮੰਤਰੀ ਨੇ ਕਿਸਾਨਾਂ ਵੱਲੋਂ ਪ੍ਰਾਇਮਰੀ ਖੇਤੀਬਾੜੀ ਸਭਾਵਾਂ ਤੋਂ ਲਏ ਕਰਜ਼ਿਆਂ ਦੀ ਮੁੜ ਅਦਾਇਗੀ ਰੋਕੀ, ਸੰਕਟ ਦੀ ਇਸ ਘੜੀ ‘ਚ ਕਿਸਾਨਾਂ ਨਾਲ ਡਟ ਕੇ ਖੜ੍ਹੀ ਸਰਕਾਰ

ਚੰਡੀਗੜ੍ਹ, 27 ਮਾਰਚ 2023 (ਦੀ ਪੰਜਾਬ ਵਾਇਰ)। ਇਕ ਵੱਡੀ ਕਿਸਾਨ ਪੱਖੀ ਪਹਿਲਕਦਮੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਤੋਂ ਕਿਸਾਨਾਂ ਵੱਲੋਂ ਲਏ ਕਰਜ਼ੇ ਦੀ ਮੁੜ ਅਦਾਇਗੀ ਰੋਕਣ ਦਾ ਐਲਾਨ ਕੀਤਾ।

ਮੁੱਖ ਮੰਤਰੀ ਨੇ ਇਹ ਫ਼ੈਸਲਾ ਹਾਲ ਹੀ ਵਿੱਚ ਪਏ ਮੀਂਹ ਅਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੇ ਮੱਦੇਨਜ਼ਰ ਲਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਫ਼ੈਸਲੇ ਨਾਲ ਕਿਸਾਨਾਂ ਨੂੰ ਸੰਕਟ ਦੀ ਇਸ ਘੜੀ ਵਿੱਚ ਰਾਹਤ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਨੁਕਸਾਨ ਦੀ ਭਰਪਾਈ ਤੋਂ ਬਾਅਦ ਇਸ ਰਕਮ ਦੀ ਵਾਪਸੀ ਕਰ ਸਕਦੇ ਹਨ।

ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਇਸ ਨਾਲ ਸੂਬੇ ਦੇ ਕਿਸਾਨਾਂ ਨੂੰ ਕਰਜ਼ਾ ਮੋੜਨ ਲਈ ਹੋਰ ਸਮਾਂ ਮਿਲੇਗਾ ਅਤੇ ਕਰਜ਼ਾ ਨਾ ਮੋੜ ਸਕਣ ਵਾਲੇ ਕਿਸਾਨਾਂ ਦਾ ਜੁਰਮਾਨਾ ਲੱਗਣ ਤੋਂ ਵੀ ਬਚਾਅ ਹੋਵੇਗਾ। ਉਨ੍ਹਾਂ ਕਿਹਾ ਕਿ ਰਾਜ ਦੀਆਂ ਸਹਿਕਾਰੀ ਸਭਾਵਾਂ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਰਾਹੀਂ ਸੂਬੇ ਦੇ ਕਿਸਾਨਾਂ ਨੂੰ ਥੋੜ੍ਹੇ ਸਮੇਂ ਦੇ ਫ਼ਸਲੀ ਕਰਜ਼ੇ ਵਜੋਂ ਕਰੋੜਾਂ ਰੁਪਏ ਪ੍ਰਤੀ ਫ਼ਸਲ ਕਰਜ਼ਾ ਦਿੰਦੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਕਦਮ ਕਿਸਾਨਾਂ ਲਈ ਅਹਿਮ ਰਿਆਇਤ ਅਤੇ ਰਾਹਤ ਵਾਲਾ ਹੈ। ਉਨ੍ਹਾਂ ਕਿਹਾ ਕਿ ਸਮੇਂ ਵਿੱਚ ਵਾਧੇ ਦੇ ਨਤੀਜੇ ਵਜੋਂ ਵੱਡੀ ਗਿਣਤੀ ਕਿਸਾਨ ਡਿਫ਼ਾਲਟਰ ਹੋਣ ਤੋਂ ਬਚਣਗੇ ਅਤੇ ਅਗਲੀ ਫ਼ਸਲ ਲਈ ਕਰਜ਼ਾ ਲੈਣ ਦੇ ਯੋਗ ਬਣ ਜਾਣਗੇ।

FacebookTwitterEmailWhatsAppTelegramShare
Exit mobile version