ਪ੍ਰਕਾਸ਼ ਸਿੰਘ ਬਾਦਲ ਦੀ ਜ਼ਮਾਨਤ ਹੋਈ ਮਨਜ਼ੂਰ, ਸੁਖ਼ਬੀਰ ਬਾਦਲ ਦੀ ਅਗਾਊਂ ਜ਼ਮਾਨਤ ਅਰਜ਼ੀ ਹੋਈ ਰੱਦ, ਸੁਖਬੀਰ ਦੇ ਸਿਰ ਤੇ ਗ੍ਰਿਫ਼ਤਾਰੀ ਦੀ ਲਟਕੀ ਤਲਵਾਰ, ਹਾਈ ਕੋਰਟ ਜਾਣ ਦਾ ਰਾਹ ਖੁੱਲਾ

ਫ਼ਰੀਦਕੋਟ, 16 ਮਾਰਚ, 2023 (ਦੀ ਪੰਜਾਬ ਵਾਇਰ)। 2015 ਦੇ ਕੋਟਕਪੂਰਾ ਗੋਲੀ ਕਾਡ ਮਾਮਲੇ ਵਿੱਚ ਫ਼ਰੀਦਕੋਟ ਦੀ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਾਊਂ ਜ਼ਮਾਨਤ ਮਨਜ਼ੂਰ ਕਰ ਲਈ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ-ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸ: ਸੁਖ਼ਬੀਰ ਸਿੰਘ ਬਾਦਲ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਦੋਹਾਂ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 14 ਮਾਰਚ ਨੂੰ ਹੋਈ ਸੀ ਅਤੇ ਫ਼ੈਸਲਾ ਰਾਖ਼ਵਾਂ ਰੱਖ ਲਿਆ ਗਿਆ ਸੀ। ਪਹਿਲਾਂ ਇਹ ਗੱਲ ਸੀ ਕਿ ਫ਼ੈਸਲਾ 15 ਮਾਰਚ ਨੂੰ ਸੁਣਾਇਆ ਜਾ ਸਕਦਾ ਹੈ, ਪਰ ਅੰਤ ਅੱਜ ਫ਼ੈਸਲਾ ਸੁਣਾਇਆ ਗਿਆ ਹੈ।

ਏ.ਡੀ.ਜੀ.ਪੀ. ਸ੍ਰੀ ਐੱਲ.ਕੇ.ਯਾਦਵ ਦੀ ਅਗਵਾਈ ਵਾਲੀ ਐਸ.ਆਈ.ਟੀ. ਵੱਲੋਂ ਬੀਤੇ ਦਿਨੀਂ ਪੇਸ਼ ਕੀਤੇ ਗਏ ਚਲਾਨ ਦੇ ਆਧਾਰ ’ਤੇ ਅਦਾਲਤ ਨੇ ਦੋਹਾਂ ਆਗੂਆਂ ਨੂੰ 23 ਮਾਰਚ ਲਈ ਸੰਮਨ ਕੀਤਾ ਹੋਇਆ ਹੈ ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਜ਼ਮਾਨਤ ਲਈ ਅਰਜ਼ੀ ਲਗਾਈ ਗਈ ਸੀ।

ਅਦਾਲਤ ਵੱਲੋਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦੇਣ ਨਾਲ ਸੁਖ਼ਬੀਰ ਸਿੰਘ ਬਾਦਲ ਲਈ ਮੁਸ਼ਕਿਲ ਖੜ੍ਹੀ ਹੋ ਗਈ ਹੈ ਅਤੇ ਉਨ੍ਹਾਂ ਦੇ ਸਿਰ ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਗਈ ਹੈ ਹਾਲਾਂਕਿ ਉਨ੍ਹਾਂ ਕੋਲ ਹਾਈ ਕੋਰਟ ਜਾਣ ਦਾ ਰਾਹ ਅਜੇ ਖੁਲ੍ਹਾ ਹੈ।

FacebookTwitterEmailWhatsAppTelegramShare
Exit mobile version