ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਕੇਂਦਰੀ ਜੇਲ੍ਹ ਗੁਰਦਾਸਪੁਰ ਦਾ ਅਚਨਚੇਤ ਦੌਰਾ
ਜੇਲ੍ਹ ਦੀਆਂ ਬੈਰਕਾਂ, ਮੈੱਸ, ਜੇਲ੍ਹ ਦੇ ਹਸਪਤਾਲ, ਫੈਕਟਰੀ ਸ਼ਾਖਾ, ਲਾਇਬਰੇਰੀ, ਸਿਲਾਈ-ਕਢਾਈ ਸੈਂਟਰ ਦਾ ਕੀਤਾ ਨਿਰੀਖਣ
ਗੁਰਦਾਸਪੁਰ, 16 ਫਰਵਰੀ (ਮੰਨਣ ਸੈਣੀ )। ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਕੇਂਦਰੀ ਜੇਲ੍ਹ ਗੁਰਦਾਸਪੁਰ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਜੇਲ੍ਹ ਦੀਆਂ ਸਾਰੀਆਂ ਬੈਰਕਾਂ, ਮੈੱਸ, ਲੰਗਰ, ਜੇਲ੍ਹ ਦੇ ਹਸਪਤਾਲ, ਜੇਲ੍ਹ ਦੀ ਫੈਕਟਰੀ ਸ਼ਾਖਾ ਦਾ ਨਿਰੀਖਣ ਕਰਨ ਤੋਂ ਇਲਾਵਾ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਬੱਚਿਆਂ ਲਈ ਸਥਾਪਤ ਕੀਤੀ ਲਾਇਬ੍ਰੇਰੀ, ਜੇਲ੍ਹ ਵਿੱਚ ਬੰਦ ਔਰਤਾਂ ਦੇ ਨਾਲ ਰਹਿ ਰਹੇ ਛੋਟੇ ਬੱਚਿਆਂ ਦੀ ਪੜ੍ਹਾਈ ਲਈ ਚਲਾਏ ਜਾ ਰਹੇ ਸਕੂਲ ਅਤੇ ਜੇਲ੍ਹ ਵਿੱਚ ਔਰਤਾਂ ਲਈ ਚਲਾਏ ਜਾ ਰਹੇ ਸਿਲਾਈ-ਕਢਾਈ ਤੇ ਬਿਊਟੀ ਪਾਰਲਰ ਸੈਂਟਰ ਦਾ ਜਾਇਜਾ ਵੀ ਲਿਆ ਗਿਆ। ਇਸ ਮੌਕੇ ਉਨ੍ਹਾਂ ਨੇ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨਾਲ ਗੱਲ-ਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜੇਲ੍ਹ ਪ੍ਰਬੰਧਕਾਂ ਨੂੰ ਕਿਹਾ ਕਿ ਜੇਲ੍ਹ ਪ੍ਰਬੰਧਾਂ ਲਈ ਉਨ੍ਹਾਂ ਦੀਆਂ ਜੋ ਵੀ ਲੋੜਾਂ ਹਨ ਉਸ ਸਬੰਧੀ ਡਿਮਾਂਡ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਭੇਜੀ ਜਾਵੇ ਤਾਂ ਜੋ ਉਨ੍ਹਾਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇਲ੍ਹ ਦੀ ਲਾਇਬਰੇਰੀ ਨੂੰ ਜੇਕਰ ਹੋਰ ਕਿਤਾਬਾਂ ਦੀ ਲੋੜ ਹੋਵੇ ਤਾਂ ਇਸ ਸਬੰਧੀ ਵੀ ਡਿਮਾਂਡ ਭੇਜੀ ਜਾਵੇ। ਇਸ ਮੌਕੇ ਉਨ੍ਹਾਂ ਨੇ ਜੇਲ੍ਹ ਵਿੱਚ ਚੱਲ ਰਹੇ ਸਿਲਾਈ-ਕਢਾਈ ਦਾ ਸੈਂਟਰ ਦਾ ਜਾਇਜਾ ਲਿਆ ਅਤੇ ਓਥੇ ਔਰਤਾਂ ਵੱਲੋਂ ਤਿਆਰ ਕੀਤੇ ਜਾ ਰਹੇ ਸਮਾਨ ਨੂੰ ਦੇਖਿਆ। ਇਸ ਮੌਕੇ ਕੇਂਦਰੀ ਜੇਲ੍ਹੁ ਗੁਰਦਾਸਪੁਰ ਦੇ ਕਾਰਜਕਾਰੀ ਸੁਪਰਡੈਂਟ ਸ. ਨਵਇੰਦਰ ਸਿੰਘ, ਡਿਪਟੀ ਸੁਪਰਡੈਂਟ ਸ. ਹਰਪ੍ਰੀਤ ਸਿੰਘ, ਸਮੂਹ ਸਹਾਇਕ ਸੁਪਰਡੈਂਟ ਅਤੇ ਮੈਡੀਕਲ ਅਫ਼ਸਰ ਵੀ ਹਾਜ਼ਰ ਸਨ।