ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ ਵੱਲੋਂ ਪੰਡਿਤ ਮੋਹਨ ਲਾਲ ਐਸ.ਡੀ ਕਾਲਜ ਵਿਖੇ ਦੋ-ਰੋਜ਼ਾ ਯੁਵਕ ਦਿਵਸ ਸ਼ੁਰੂ

ਪਹਿਲੇ ਦਿਨ ਖੂਨਦਾਨ ਕੈਂਪ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਵਿਚ ਜ਼ਿਲ੍ਹੇ ਭਰ ’ਚੋਂ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਲਿਆ ਹਿੱਸਾ

ਗੁਰਦਾਸਪੁਰ, 13 ਫਰਵਰੀ ( ਮੰਨਣ ਸੈਣੀ)। ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹਾਇਕ ਡਾਇਰੈਕਟਰ ਯੁਵਕ  ਸੇਵਾਵਾਂ ਵਿਭਾਗ ਗੁਰਦਾਸਪੁਰ ਵੱਲੋਂ ਪੰਡਿਤ ਮੋਹਨ ਲਾਲ ਐਸ.ਡੀ ਕਾਲਜ ਗੁਰਦਾਸਪੁਰ ਵਿਖੇ ਕਰਵਾਏ ਜਾ ਰਹੇ ਜ਼ਿਲ੍ਹੇ ਪੱਧਰੀ ਦੋ ਰੋਜ਼ਾ ਯੁਵਕ ਦਿਵਸ ਦੇ ਪਹਿਲੇ ਦਿਨ ਖੂਨਦਾਨ ਕੈਂਪ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਜ਼ਿਲ੍ਹੇ ਭਰ ਤੋਂ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਤੋਂ ਵੱਡੀ ਤਦਾਦ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ।

ਖੂਨਦਾਨ ਕੈਂਪ ਦੀ ਸ਼ੁਰੂਆਤ ਸਹਾਇਕ ਡਾਇਰੈਕਟਰ ਸ੍ਰੀ ਰਵੀ ਦਾਰਾ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਵੱਲੋਂ ਖੂਨਦਾਨੀ ਨੌਜਵਾਨਾਂ ਨੂੰ ਬੈਜ ਲਗਾ ਕੇ ਕੀਤੀ। ਉਨ੍ਹਾਂ ਇਸ ਮੌਕੇ ਕਿਹਾ ਕਿ ਨੌਜਵਾਨ ਦੇਸ਼ ਦਾ ਸਰਮਾਇਆ ਹਨ ਇਨ੍ਹਾਂ ਨੂੰ ਸੁਚਾਰੂ ਗਤੀਵਿਧੀਆਂ ਨਾਲ ਜੋੜਨ ਦੇ ਮੰਤਵ ਦੇ ਤਹਿਤ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਭਲਕੇ 14 ਫਰਵਰੀ ਨੂੰ  ਇਸ ਦੋ ਰੋਜਾ ਦਿਵਸ ਦੇ ਦੂਸਰੇ ਦਿਨ ਭਾਸ਼ਣ ਅਤੇ ਹੋਰ ਮੁਕਾਬਲਿਆਂ ਦੇ ਨਾਲ-ਨਾਲ ਸਭਿਆਚਾਰਕ ਸਮਾਗਮ ਕਰਵਾਏ ਜਾਣਗੇ।

ਇਸ ਮੌਕੇ ਉਨ੍ਹਾਂ ਦੇ ਨਾਲ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਤੋਂ ਪ੍ਰੋਗਰਾਮ ਅਫ਼ਸਰ ਅਤੇ ਸਟੇਟ ਯੂਥ ਅਵਾਰਡੀ ਤੇਜ ਪ੍ਰਤਾਪ ਸਿੰਘ ਕਾਹਲੋਂ, ਸਚਿਨ ਅਠਵਾਲ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕਲਾਨੌਰ ਦੇ ਪ੍ਰੋਗਰਾਮ ਅਫ਼ਸਰ ਗੁਰਮੀਤ ਸਿੰਘ ਬਾਜਵਾ, ਸ. ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਤੋਂ ਪ੍ਰੋਗਰਾਮ ਅਫਸਰ ਤਰੁਨ ਮਹਾਜਨ, ਮਨੀਲਾ ਕਸ਼ਯਪ, ਸਰਕਾਰੀ ਕਾਲਜ ਗੁਰਦਾਸਪੁਰ ਤੋਂ ਪ੍ਰੋਗਰਾਮ ਅਫਸਰ ਪ੍ਰੋ. ਮੀਨਾਕਸ਼ੀ ਭਨੋਟ, ਬੇਰਿੰਗ ਕਾਲਜ ਬਟਾਲਾ ਤੋਂ ਪ੍ਰੋਗਰਾਮ ਅਫਸਰ ਡਾ. ਅੰਮ੍ਰਿਤਾ, ਬਾਬਾ ਅਜੈ ਸਿੰਘ ਕਾਲਜ ਗੁਰਦਾਸ ਨੰਗਲ ਤੋਂ ਡਾ.ਆਤਮਾ ਸਿੰਘ, ਸਿਵਲ ਹਸਪਤਾਲ ਗੁਰਦਾਸਪੁਰ ਤੋਂ ਡਾਕਟਰ ਪੂਜਾ ਖੋਸਲਾ, ਪ੍ਰਦੀਪ ਕੁਮਾਰ, ਗੁਰਮੀਤ ਕੌਰ, ਹਰਪ੍ਰੀਤ ਸਿੰਘ ਆਦਿ ਵੀ ਹਾਜਰ ਸਨ।    

FacebookTwitterEmailWhatsAppTelegramShare
Exit mobile version