ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਗੁਰਦਾਸਪੁਰ ਸ਼ਹਿਰ ਵਿਖੇ ਖੁੱਲ੍ਹੇ ‘ਅਬਾਦ ਹੁਨਰ ਹੱਟ’ ਦਾ ਦੌਰਾ
ਅਬਾਦ ਹੁਨਰ ਹੱਟ ਵਿੱਚ ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤੇ ਜਾਂਦੇ ਸਮਾਨ ਨੂੰ ਵਾਜ਼ਬ ਕੀਮਤਾਂ ਉੱਪਰ ਵੇਚਿਆ ਜਾਂਦਾ ਹੈ
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਬਾਦ ਹੁਨਰ ਹੱਟ ਤੋਂ ਸਮਾਨ ਖਰੀਦਣ ਦੀ ਅਪੀਲ
ਗੁਰਦਾਸਪੁਰ, 13 ਫਰਵਰੀ (ਮੰਨਣ ਸੈਣੀ) । ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਗੁਰਦਾਸਪੁਰ ਸ਼ਹਿਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੋਲ੍ਹੇ ਗਏ ‘ਅਬਾਦ ਹੁਨਰ ਹੱਟ’ ਦਾ ਦੌਰਾ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਦਾਸਪੁਰ ਦੇ ਦਫ਼ਤਰ ਦੇ ਨਾਲ ਸ਼ੁਰੂ ਕੀਤੇ ਗਏ ਇਸ ਅਬਾਦ ਹੁਨਰ ਹੱਟ ਵਿੱਚ ਜ਼ਿਲ੍ਹੇ ਦੇ ਸਵੈ ਸਹਾਇਤਾਂ ਸਮੂਹਾਂ ਦੁਆਰਾ ਤਿਆਰ ਕੀਤੇ ਜਾਂਦੇ ਵੱਖ-ਵੱਖ ਉਤਪਾਦਾਂ ਨੂੰ ਵੇਚਿਆ ਜਾਂਦਾ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜ਼ਿਲ੍ਹੇ ਦੇ ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦਾਂ ਦੀ ਵਿਕਰੀ ਲਈ ‘ਅਬਾਦ ਹੁਨਰ ਹੱਟ’ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਸੀ ਤਾਂ ਜੋ ਪਿੰਡਾਂ ਵਿੱਚ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਔਰਤਾਂ ਵੱਲੋਂ ਬਣਾਏ ਜਾ ਰਹੇ ਸਮਾਨ/ਉਤਪਾਦਾਂ ਨੂੰ ਵੇਚਣ ਲਈ ਪਲੇਟਫਾਰਮ ਮੁਹੱਈਆ ਕਰਵਾਇਆ ਜਾ ਸਕੇ। ਅਬਾਦ ਹੁਨਰ ਹੱਟ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵਿਕਰੀ ਲਈ ਰੱਖੇ ਸਮਾਨ ਨੂੰ ਦੇਖਿਆ ਅਤੇ ਪ੍ਰਬੰਧਕਾਂ ਕੋਲੋਂ ਇਸ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਅਬਾਦ ਹੁਨਰ ਹਾਟ ਵਿੱਚ ਸਵੈ ਸਹਾਇਤਾਂ ਸਮੂਹਾਂ ਵੱਲੋਂ ਤਿਆਰ ਕੀਤੇ ਜਾਂਦੇ ਅਚਾਰ, ਮੁਰੱਬੇ, ਚਟਣੀਆਂ, ਰਸੋਈ ਦੀ ਵਰਤੋਂ ਦਾ ਸਮਾਨ, ਡੈਕੋਰੇਸ਼ਨ ਦਾ ਸਮਾਨ, ਫੁੱਲਕਾਰੀ ਅਤੇ ਆਰਟ ਵਰਕ ਨਾਲ ਸਬੰਧਤ ਹੋਰ ਸਮਾਨ, ਲੇਡੀਜ਼ ਬੈਗ, ਜੂਟ ਬੈਗ, ਬੱਚਿਆਂ ਦੇ ਖਿਡੌਣੇ, ਹੱਥੀਂ ਤਿਆਰ ਕੀਤੇ ਊਨੀ ਤੇ ਸੂਤੀ ਕੱਪੜੇ ਆਦਿ ਸਮਾਨ ਸਮੇਤ ਹੋਰ ਘਰੇਲੂ ਜਰੂਰਤ ਦਾ ਸਮਾਨ ਵੇਚਿਆ ਜਾਂਦਾ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅਬਾਦ ਹੁਨਰ ਹੱਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਥੇ ਵੇਚਿਆ ਜਾਂਦਾ ਸਾਰਾ ਸਮਾਨ ਜ਼ਿਲ੍ਹੇ ਦੀਆਂ ਮਿਹਨਤੀ ਸਵਾਣੀਆਂ ਵੱਲੋਂ ਆਪਣੇ ਘਰਾਂ ਵਿੱਚ ਤਿਆਰ ਕੀਤਾ ਜਾਂਦਾ ਹੈ ਜਿਸਦੀ ਕੁਆਲਿਟੀ ਬਹੁਤ ਵਧੀਆ ਹੋਣ ਦੇ ਨਾਲ ਇਨਾਂ ਦੀਆਂ ਕੀਮਤਾਂ ਵੀ ਬਹੁਤ ਵਾਜ਼ਬ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਅਬਾਦ ਹੁਨਰ ਹੱਟ ਤੋਂ ਵੱਧ ਤੋਂ ਵੱਧ ਸਮਾਨ ਖਰੀਦਣ ਤਾਂ ਜੋ ਇਹ ਸਮਾਨ ਬਣਾ ਰਹੀਆਂ ਔਰਤਾਂ ਦੀ ਉਪਜੀਵਕਾ ਵਿੱਚ ਵਾਧਾ ਹੋ ਸਕੇ।
ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਮਨਮੋਹਨ ਸਿੰਘ, ਸਵੈ ਸਹਾਇਤਾ ਸਮੂਹਾਂ ਦੇ ਨੋਡਲ ਅਫ਼ਸਰ ਅਮ੍ਰਿਤਪਾਲ ਸਿੰਘ, ਜ਼ਿਲ੍ਹਾ ਅੰਕੜਾ ਅਫ਼ਸਰ ਸ੍ਰੀ ਅਸ਼ੋਕ ਕੁਮਾਰ ਤੋਂ ਇਲਾਵਾ ਅਬਾਦ ਹੁਨਰ ਹੱਟ ਦਾ ਸਟਾਫ ਹਾਜ਼ਰ ਸੀ।