ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਸ਼ਹਿਰਾਂ ਦੇ ਬਜ਼ਾਰਾਂ ਵਿੱਚੋਂ ਨਜ਼ਾਇਜ ਕਬਜ਼ੇ ਹਟਾਉਣ ਦੀ ਮੁਹਿੰਮ ਨੂੰ ਹੋਰ ਤੇਜ਼ ਕਰਨ ਦੀਆਂ ਹਦਾਇਤਾਂ

ਸੜਕਾਂ ’ਤੇ ਸਮਾਨ ਰੱਖ ਕੇ ਆਵਾਜਾਈ ’ਚ ਵਿਗਨ ਪਾਉਣ ਵਾਲੇ ਦੁਕਾਨਦਾਰਾਂ ਖਿਲਾਫ ਸੀ.ਆਰ.ਪੀ.ਸੀ. 1973 ਦੇ ਸੈਕਸ਼ਨ 133 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 2 ਫਰਵਰੀ (ਮੰਨਣ ਸੈਣੀ) । ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਅਤੇ ਨਗਰ ਨਿਗਮ ਬਟਾਲਾ ਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਹਨ ਕਿ ਉਹ ਸ਼ਹਿਰਾਂ ਦੇ ਬਜ਼ਾਰਾਂ ਵਿੱਚ ਹੋਏ ਨਜ਼ਾਇਜ ਕਬਜ਼ਿਆਂ ਨੂੰ ਹਟਾਉਣ ਲਈ ਚਲਾਈ ਜਾ ਰਹੀ ਮੁਹਿੰਮ ’ਚ ਹੋਰ ਤੇਜ਼ੀ ਲਿਆਉਣ ਤਾਂ ਜੋ ਆਮ ਲੋਕਾਂ ਅਤੇ ਰਾਹਗੀਰਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਜਿਹੜੇ ਦੁਕਾਨਦਾਰ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਆਪਣੀਆਂ ਦੁਕਾਨਾਂ ਦੇ ਬਾਹਰੋਂ ਸਮਾਨ ਨਹੀਂ ਚੁੱਕ ਰਹੇ ਉਨ੍ਹਾਂ ਖਿਲਾਫ ਖਿਲਾਫ ਹੁਣ ਸੀ.ਆਰ.ਪੀ.ਸੀ. 1973 ਦੇ ਸੈਕਸ਼ਨ 133 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਬਜ਼ਾਰਾਂ ਵਿਚੋਂ ਨਜਾਇਜ ਕਬਜ਼ੇ ਹਟਾਉਣ ਦੀ ਮੁਹਿੰਮ ਵਿੱਚ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਢਿੱਲ-ਮੱਠ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲ੍ਹੇ ਦੀਆਂ ਵੱਖ-ਵੱਖ ਨਗਰ ਕੌਂਸਲਾਂ ਅਤੇ ਨਗਰ ਨਿਗਮ ਬਟਾਲਾ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਦੇ ਸ਼ਹਿਰਾਂ ਵਿੱਚ ਸਥਿਤ ਸਮੂਹ ਬੈਂਕਾਂ ਅਤੇ ਹੋਰ ਵਪਾਰਿਕ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰਕੇ ਇਹ ਹਦਾਇਤ ਕੀਤੀ ਜਾਵੇ ਕਿ ਉਹ ਆਪਣੇ ਅਦਾਰਿਆਂ ਦੇ ਬਾਹਰ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਨ ਲਈ ਪਾਰਕਿੰਗ ਲਈ ਜਗਾ ਦਾ ਉਚਿਤ ਪ੍ਰਬੰਧ ਕਰਨ। ਉਨਾਂ ਕਿਹਾ ਕਿ ਜੇਕਰ ਜਗਾ ਦਾ ਪ੍ਰਬੰਧ ਨਹੀਂ ਹੁੰਦਾ ਤਾਂ ਬੈਂਕਾਂ ਤੇ ਹੋਰ ਵਪਾਰਿਕ ਅਦਾਰਿਆਂ ਦੇ ਪ੍ਰਬੰਧਕ ਆਪਣੇ ਪੱਧਰ ’ਤੇ ਬਾਹਰ  ਵਿਅਕਤੀ ਤਾਇਨਾਤ ਕਰਨ, ਜਿਹੜੇ ਲਗਾਤਾਰ ਪਾਰਕਿੰਗ ਨੂੰ ਸੰਚਾਲਿਤ/ਨਿਯੰਤਰਤ ਕਰਨ ਤਾਂ ਜੋ ਆਮ ਜਨਤਾ ਨੂੰ ਕਿਸੇ ਤਰਾਂ ਦੀ ਅਸੁਵਿਧਾ ਨਾ ਹੋਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਜਿਹੜੇ ਬੈਂਕ ਜਾਂ ਵਪਾਰਕ ਅਦਾਰੇ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਉਨ੍ਹਾਂ ਖਿਲਾਫ ਵੀ ਸੈਕਸ਼ਨ 133 ਤਹਿਤ ਕਾਰਵਾਈ ਕੀਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਸ਼ਹਿਰਾਂ ਦੇ ਐਂਟਰੀ ਪੁਆਇੰਟਾਂ ਨੂੰ ਖੂਬਸੂਰਤ ਬਣਾਇਆ ਜਾਵੇ ਅਤੇ ਨਾਲ ਹੀ ਜੇਕਰ ਓਥੇ ਟਰੈਫਿਕ ਜਾਮ ਲੱਗਦੇ ਹਨ ਤਾਂ ਉਨ੍ਹਾਂ ਨੂੰ ਹਟਾਉਣ ਲਈ ਜੋ ਵੀ ਪ੍ਰਬੰਧ ਕੀਤੇ ਜਾਣ ਦੀ ਲੋੜ ਹੈ ਉਹ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਚੌਂਕਾਂ ਨੂੰ ਖੂਬਸੂਰਤ ਦਿੱਖ ਦਿੱਤੀ ਜਾਵੇ ਅਤੇ ਨਾਲ ਹੀ ਸ਼ਹਿਰਾਂ ਵਿੱਚ ਵੱਖ-ਵੱਖ ਖੂਬਸੂਰਤ ਸੈਲਫੀ ਪੁਆਇੰਟ ਬਣਾਏ ਜਾਣ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੀਆਂ ਸਟਰੀਟ ਲਾਈਟਾਂ ਨੂੰ ਠੀਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿਚੋਂ ਨਜਾਇਜ ਤੌਰ ’ਤੇ ਲੱਗੇ ਹੋਰਡਿੰਗ ਬੋਰਡ ਤੇ ਬੈਨਰ ਵੀ ਹਟਾਏ ਜਾਣ। ਉਨ੍ਹਾਂ ਕਿਹਾ ਕਿ ਹੋਰਡਿੰਗ ਲਗਾਉਣ ਲਈ ਨਗਰ ਨਿਗਮ ਅਤੇ ਨਗਰ ਕੌਂਸਲਾਂ ਤੋਂ ਪੇਡ ਯੂਨੀਪੋਲ ਲਏ ਜਾ ਸਕਦੇ ਹਨ ਅਤੇ ਐਡਵਰਟਾਈਜ਼ਮੈਂਟ ਕੇਵਲ ਨਿਰਧਾਰਤ ਥਾਂ ’ਤੇ ਹੀ ਕੀਤੀ ਜਾ ਸਕਦੀ ਹੈ।

FacebookTwitterEmailWhatsAppTelegramShare
Exit mobile version