ਗੁਰਦਾਸਪੁਰ, 19 ਨਵੰਬਰ (ਮੰਨਣ ਸੈਣੀ)। ਪਾਕਿਸਤਾਨ ‘ਚ ਸ਼ਰਨ ਲੈਣ ਵਾਲੇ ਮੋਸਟ ਵਾਂਟੇਡ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਸ਼ੁੱਕਰਵਾਰ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਰਿੰਦਾ ਨੂੰ ਲਾਹੌਰ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ, ਪਰ ਉਸਦੀ ਹਾਲਤ ਵਿਗੜਨ ਕਾਰਨ ਉਸਨੂੰ ਮਿਲਟਰੀ ਹਸਪਤਾਲ ਵਿੱਚ ਤਬਦੀਲ ਕਰਨਾ ਪਿਆ। ਇੱਥੇ ਵੀ ਡਾਕਟਰ ਉਸਦੀ ਜਾਨ ਨਹੀਂ ਬਚਾ ਸਕੇ ਅਤੇ ਉਸਦੀ ਮੌਤ ਹੋ ਗਈ। ਇਹ ਖ਼ਬਰ ਸਾਰੇ ਮੀਡੀਆ ਚੈਨਲਾਂ ਤੇ ਚਲ ਰਹੀ ਹੈ, ਖਾਸ ਕਰ ਪੰਜਾਬ ਦੇ ਸ਼ੋਸ਼ਲ ਮੀਡੀਆ ਤੇ, ਪਰ ਕਿਸੇ ਵੀ ਚੈਨਲ ਯਾ ਅਦਾਰੇ ਨੇ ਇਸ ਖ਼ਬਰ ਦਾ ਖੁਲਾਸਾ ਨਹੀਂ ਕੀਤਾ ਕਿ ਉਹਨਾਂ ਨੂੰ ਇਹ ਖ਼ਬਰ ਕਿਸਨੇ ਦਿੱਤੀ ਅਤੇ ਕਿਸ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ। ਕੀ ਇਹ ਸੱਚ ਹੈ ਯਾ ਕੀ ਝੂਠ ਇਸ ਸੰਬੰਧੀ ਰਹੱਸ ਹਾਲੇ ਵੀ ਬਰਕਰਾਰ ਹੈ ਜਿਸ ਦਾ ਖੁਲਾਸਾ ਆਉਣ ਵਾਲੇ ਕੁਝ ਦਿੰਨਾ ਅੰਦਰ ਹੋਣ ਦੀ ਪੂਰੀ ਸੰਭਾਵਨਾ ਹੈ ਅਤੇ ਕੋਈ ਠੋਸ ਜਾਣਕਾਰੀ ਜਲਦ ਆਉਣ ਦੀ ਸੰਭਾਵਨਾ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਰਿੰਦਾ ਨੇ ਪੰਜਾਬ ਸਰਕਾਰ ਨੂੰ ਮੁਸੀਬਤ ਵਿੱਚ ਪਾਇਆ ਹੋਇਆ ਸੀ। ਰਿੰਦਾ ਪੰਜਾਬ ਵਿੱਚ ਟਾਰਗੇਟ ਕਿਲਿੰਗ ਅਤੇ ਅੱਤਵਾਦ ਦੀਆਂ ਕਈ ਘਟਨਾਵਾਂ ਵਿੱਚ ਲੋੜੀਂਦਾ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰਵਿੰਦਰ ਰਿੰਦਾ ਇੱਕ ਗੈਂਗਸਟਰ ਸੀ, ਪਰ ਉਸਨੇ ਹਾਲ ਹੀ ਵਿੱਚ ਇੱਕ ਹੋਰ ਮੋਸਟ ਵਾਂਟੇਡ ਅੱਤਵਾਦੀ ਵਧਾਵਾ ਸਿੰਘ ਨਾਲ ਹੱਥ ਮਿਲਾਇਆ ਸੀ, ਜਿਸਨੂੰ ਪਾਕਿਸਤਾਨ ਵਿੱਚ ਆਈਐਸਆਈ ਨੇ ਪਨਾਹ ਦਿੱਤੀ ਹੋਈ ਹੈ।
ਰਿੰਦਾ ਬੱਬਰ ਖਾਲਸਾ ਦੇ ਮੁਖੀ ਵਧਾਵਾ ਸਿੰਘ ਦਾ ਸੱਜਾ ਹੱਥ ਬਣ ਗਿਆ ਸੀ ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੇ ਵੀ ਰਿੰਦਾ ਨੂੰ ਆਪਣੇ ਨਾਲ ਮਿਲਾ ਲਿਆ ਸੀ। ਰਿੰਦਾ ਰਾਹੀਂ ਆਈਐਸਆਈ ਨੇ ਡਰੋਨਾਂ ਦੀ ਮਦਦ ਨਾਲ ਪੰਜਾਬ ਵਿੱਚ ਹਥਿਆਰਾਂ ਦੀ ਸਪਲਾਈ ਸ਼ੁਰੂ ਕੀਤੀ ਸੀ। ਇਸ ਦੇ ਨਾਲ ਹੀ ਰਿੰਦਾ ਨੇ ਗੈਂਗਸਟਰ ਹੁੰਦਿਆਂ ਪੰਜਾਬ ਵਿੱਚ ਆਪਣਾ ਨੈੱਟਵਰਕ ਕਾਇਮ ਕਰ ਲਿਆ ਸੀ।
ਉਸ ਨੇ ਛੋਟੇ-ਮੋਟੇ ਅਪਰਾਧੀਆਂ ਨੂੰ ਅੱਤਵਾਦੀ ਗਤੀਵਿਧੀਆਂ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ। ਮੋਹਾਲੀ ਵਿਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਦੀ ਇਮਾਰਤ ‘ਤੇ ਆਰਪੀਜੀ ਹਮਲਾ ਇਸੇ ਕੜੀ ਦਾ ਹਿੱਸਾ ਸੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਇਲਾਵਾ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ ਹੋਰ ਵੀ ਕਈ ਘਿਨਾਉਣੀਆਂ ਵਾਰਦਾਤਾਂ ਵਿੱਚ ਨਾਮਜ਼ਦ ਸਾਰੇ ਦੋਸ਼ੀਆਂ ਪਿੱਛੇ ਹਰਵਿੰਦਰ ਰਿੰਦਾ ਮੁੱਖ ਸਾਜ਼ਿਸ਼ਕਰਤਾ ਵਜੋਂ ਸਾਹਮਣੇ ਆਇਆ ਹੈ।
ਜ਼ਿਕਰਯੋਗ ਹੈ ਕਿ NIA ਨੇ ਦੋ ਮਹੀਨੇ ਪਹਿਲਾਂ ਰਿੰਦਾ ‘ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। NIA ਨੇ ਰਿੰਦਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਲਈ ਕਈ ਫ਼ੋਨ ਨੰਬਰ ਵੀ ਜਾਰੀ ਕੀਤੇ ਸਨ। ਐਨਆਈਏ ਵੱਲੋਂ ਪੰਜਾਬ ਵਿੱਚ ਹਾਲ ਹੀ ਵਿੱਚ ਮਾਰੇ ਗਏ ਛਾਪਿਆਂ ਵਿੱਚ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਇਹ ਛਾਪੇ ਪਾਕਿਸਤਾਨ ਵਿੱਚ ਸਥਿਤ ਦਹਿਸ਼ਤਗਰਦਾਂ ਅਤੇ ਸਥਾਨਕ ਗੈਂਗਸਟਰਾਂ ਦੇ ਗੱਠਜੋੜ ਨੂੰ ਤੋੜਨ ਲਈ ਮਾਰੇ ਗਏ ਸਨ।
ਪਾਕਿਸਤਾਨ ਦੀ ਖੁਫੀਆ ਏਜੰਸੀ ਦੀ ਗੋਦ ਵਿੱਚ ਬੈਠਾ ਇੱਕ ਜਾਣਿਆ-ਪਛਾਣਿਆ ਗੈਂਗਸਟਰ ਹਰਵਿੰਦਰ ਰਿੰਦਾ ਭਾਵੇਂ ਬੱਬਰ ਖਾਲਸਾ ਦਾ ਬਦਨਾਮ ਅੱਤਵਾਦੀ ਬਣ ਗਿਆ ਸੀ ਪਰ ਪੰਜਾਬ ਦੇ ਨਾਮੀ ਗੈਂਗਸਟਰਾਂ ਸਮੇਤ ਕਈ ਬਦਮਾਸ਼ ਰਿੰਦਾ ਦੇ ਸੰਪਰਕ ਵਿੱਚ ਸਨ। ਇੰਨਾ ਹੀ ਨਹੀਂ, ਏਜੰਸੀਆਂ ਨੂੰ ਸ਼ੱਕ ਹੈ ਕਿ ਰਿੰਦਾ ਦਾ ਪੰਜਾਬ ‘ਚ ਗੈਂਗਸਟਰਾਂ ਰਾਹੀਂ ਜ਼ਮੀਨੀ ਪੱਧਰ ‘ਤੇ ਮਜ਼ਬੂਤ ਨੈੱਟਵਰਕ ਸੀ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਇਸ ਦਾ ਪੂਰਾ ਫਾਇਦਾ ਉਠਾ ਰਹੀ ਸੀ।
ਰਿੰਦਾ ਪੰਜਾਬ ਦਾ ਮਸ਼ਹੂਰ ਗੈਂਗਸਟਰ ਰਿਹਾ ਹੈ, ਉਸ ‘ਤੇ 50,000 ਰੁਪਏ ਦਾ ਨਕਦ ਇਨਾਮ ਵੀ ਸੀ। ਪੰਜਾਬ ਦੇ ਇੱਕ ਮਸ਼ਹੂਰ ਗੈਂਗਸਟਰ ਨਾਲ ਸਬੰਧ ਸਨ। ਪੰਜਾਬ ਦੀਆਂ ਖੁਫੀਆ ਏਜੰਸੀਆਂ ਨੂੰ ਵੀ ਇਸ ਤੋਂ ਕਈ ਇਨਪੁਟ ਮਿਲੇ ਸਨ। ਪੰਜਾਬ ਪੁਲਿਸ ਨੇ ਆਪਣੇ ਡੋਜ਼ੀਅਰ ਵਿੱਚ ਹਰਵਿੰਦਰ ਸਿੰਘ ਰਿੰਦਾ ਨੂੰ A+ ਪੱਧਰ ਦਾ ਗੈਂਗਸਟਰ ਦੱਸਿਆ ਹੈ। ਡੋਜ਼ੀਅਰ ਅਨੁਸਾਰ ਹਰਵਿੰਦਰ ਸਿੰਘ ਰਿੰਦਾ ਬਹੁਤ ਹੀ ਖ਼ੌਫ਼ਨਾਕ ਕਿਸਮ ਦਾ ਗੈਂਗਸਟਰ ਸੀ ਅਤੇ ਇਸੇ ਕਰਕੇ ਉਸ ਨੂੰ ਏ+ ਸ਼੍ਰੇਣੀ ਵਿੱਚ ਰੱਖਿਆ ਗਿਆ ਸੀ।
27 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਸਨ
ਭਾਰਤ ਤੋਂ ਫਰਾਰ ਹੋਣ ਤੋਂ ਪਹਿਲਾਂ ਰਿੰਦਾ ‘ਤੇ ਪੰਜਾਬ ਅਤੇ ਮਹਾਰਾਸ਼ਟਰ ‘ਚ ਕੁੱਲ 27 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ‘ਚ ਕਤਲ, ਅਗਵਾ, ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦੇ ਮਾਮਲੇ ਸ਼ਾਮਲ ਹਨ। ਡੋਜ਼ੀਅਰ ਵਿੱਚ ਹਰਵਿੰਦਰ ਸਿੰਘ ਰਿੰਦਾ ਦੇ 27 ਸਾਥੀਆਂ ਦਾ ਵੀ ਉਨ੍ਹਾਂ ਦੀਆਂ ਤਸਵੀਰਾਂ ਨਾਲ ਜ਼ਿਕਰ ਕੀਤਾ ਗਿਆ ਹੈ, ਜੋ ਪੰਜਾਬ ਅਤੇ ਮਹਾਰਾਸ਼ਟਰ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਰਹੇ। ਇਸ ਵਿੱਚ ਪੰਜਾਬ ਦੇ ਮਸ਼ਹੂਰ ਗੈਂਗਸਟਰ ਵੀ ਸ਼ਾਮਲ ਸਨ।