ਤਨਖਾਹਾਂ ਤੋਂ ਤਰਸੇ ਜੰਗਲਾਤ ਕਾਮੇ, ਮਜ਼ਦੂਰਾਂ ਦੀ ਵਿਰਾਸਤ ਦੇ ਰਾਖੇ ਜੰਗਲਾਤ ਮੰਤਰੀ ਤੋਂ ਪਈ ਨਿਰਾਸ਼ਾ ਪੱਲੇ

ਗੁਰਦਾਸਪੁਰ 18 (ਮੰਨਣ ਸੈਣੀ)। ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਤੇ ਜੰਗਲਾਤ ਕਾਮਿਆਂ ਦੇ ਸਬਰ ਦਾ ਪਿਆਲਾ ਨੱਕੋਂ ਨੱਕ ਭਰ ਚੁੱਕਾ ਹੈ। ਇਕ ਪਾਸੇ ਇਹ ਕਾਮੇ ਜੰਗਲਾਤ ਕਾਮੇ ਪਿਛਲੇ 25 ਸਾਲਾਂ ਤੋਂ ਨਿਗੂਣੀ ਤਨਖਾਹ ਤੇ ਕੱਚੇ ਤੌਰ ਤੇ ਕੰਮ ਕਰ ਰਹੇ ਹਨ। ਪਿਛਲੀਆਂ ਸਾਰੀਆਂ ਸਰਕਾਰਾਂ ਵੱਲੋਂ 36000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਝੂਠੇ ਵਾਅਦਿਆਂ ਤੋਂ ਸਤਾਏ ਇਨ੍ਹਾਂ ਗਰੀਬ ਕਾਮਿਆਂ ਨੂੰ ਆਮ ਆਦਮੀ ਪਾਰਟੀ ਤੋਂ ਵਧੇਰੇ ਆਸਾਂ ਸਨ। ਪਰ ਇਹ ਵਾਅਦੇ ਵੀ ਅਜੇ ਤੱਕ ਵਫਾ ਨਹੀ ਹੋਏ। ਇਹ ਦੋਸ਼ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਗੁਰਦਾਸਪੁਰ ਦੀ ਨਿਰਮਲ ਸਿੰਘ ਸਰਵਾਲੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜੰਗਲਾਤ ਕਾਮਿਆਂ ਵੱਲੋਂ ਲਗਾਉਂਦੇ ਹੋਏ ਜੰਗਲਾਤ ਮੰਤਰੀ ਸ੍ਰੀ ਲਾਲ ਚੰਦ ਕਟਾਰੂ ਚੱਕ ਦੇ ਘਰ ਪੱਕਾ ਧਰਨਾ ਲਾਉਣ ਦਾ ਵਿਚਾਰ ਵਟਾਂਦਰਾ ਕੀਤਾ ਗਿਆ।

ਜਥੇਬੰਦੀ ਦੇ ਜ਼ਿਲ੍ਹਾ ਆਗੂ ਅਸ਼ਵਨੀ ਕੁਮਾਰ ਕਲਾਨੌਰ, ਬਲਵੀਰ ਸਿੰਘ ਕਾਦੀਆਂ ਅਤੇ ਦਵਿੰਦਰ ਸਿੰਘ ਭਰਥ ਮਠੋਲਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਵਰਕਰਾਂ ਦੇ ਬੱਚੇ ਫ਼ੀਸ ਅਦਾ ਨਾ ਕਰਨ ਕਰਕੇ ਸਕੂਲੋਂ ਵਿਰਵੇ ਹਨ। ਭ੍ਰਿਸ਼ਟਾਚਾਰ ਦੀ ਭੇਟ ਚੜ੍ਹੇ ਜੰਗਲਾਤ ਵਿਭਾਗ ਨੂੰ ਭ੍ਰਿਸ਼ਟ ਪ੍ਰਬੰਧ ਤੋਂ ਮੁੱਕਤ ਕਰਵਾਉਣਾ ਸਮੇਂ ਦੀ ਲੋੜ ਹੈ।

ਆਗੂਆਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਪਾਸੇ ਸਰਕਾਰ 60 ਲੱਖ ਬੂਟੇ ਲਾਉਣ ਲਈ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਆਪਣੀ ਪਿੱਠ ਥਾਪੜ ਰਹੀ ਹੈ ਪਰ ਇਨ੍ਹਾਂ ਬੂਟਿਆਂ ਨੂੰ ਪੁੱਤਾਂ ਵਾਂਗੂੰ ਪਾਲਣ ਵਾਲੇ ਜੰਗਲਾਤ ਕਾਮਿਆਂ ਦੀ ਕੋਈ ਸਾਰ ਨਹੀਂ ਲੈ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਮਜ਼ਦੂਰ ਜਮਾਤ ਦੀ ਵਿਰਾਸਤ ਦਾ ਰਾਖਾ ਕਹਾਉਣ ਵਾਲਾ ਜੰਗਲਾਤ ਮੰਤਰੀ ਹੁਣ ਸੱਤਾ ਦੇ ਨਸ਼ੇ ਵਿਚ ਚੂਰ ਹੋ ਕੇ ਉਨ੍ਹਾਂ ਨੂੰ ਸੱਤਾ ਦੇ ਗਲਿਆਰਿਆਂ ਤਕ ਪੁਜਣ ਲਈ ਦਿਨ ਰਾਤ ਇੱਕ ਕਰਨ ਵਾਲੇ ਮਜ਼ਦੂਰਾਂ ਨੂੰ ਭੁੱਲਦਾ ਜਾ ਰਿਹਾ ਹੈ। ਕਿਉਕਿ ਜੰਗਲਾਤ ਮੰਤਰੀ ਨੇ ਵਾਅਦਾ ਕੀਤਾ ਸੀ ਕਿ 10 ਅਗਸਤ ਤੱਕ ਸਾਰੇ ਮਜ਼ਦੂਰਾਂ ਨੂੰ ਤਨਖਾਹਾਂ ਮਿਲ ਜਾਣਗੀਆਂ ਪਰ ਇਕ ਮਹੀਨਾ ਬੀਤ ਜਾਣ ਤੇ ਵੀ ਵਾਅਦਾ ਵਫ਼ਾ ਨਹੀਂ ਕੀਤਾ। ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਰੁਕੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ। ਅਤੇ ਜੰਗਲਾਤ ਵਿਭਾਗ ਦੇ ਸਾਰੇ ਕਾਮੇ ਪੱਕੇ ਕੀਤੇ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਦੇਵ ਸਿੰਘ ਸ੍ਰੀ ਹਰਗੋਬਿੰਦਪੁਰ, ਜਸਬੀਰ ਸਿੰਘ ਰਣਜੀਤ ਸਿੰਘ ਸਵਰਨ ਸਿੰਘ ਝਿਰਮਲ ਸਿੰਘ ਬੀਬੀ ਗੋਗੀ ਬਲਵਿੰਦਰ ਸਿੰਘ ਜਸਬੀਰ ਸਿੰਘ ਮੰਗਲ ਸਿੰਘ ਕਸ਼ਮੀਰ ਸਿੰਘ ਜਰਨੈਲ ਸਿੰਘ ਗੁਲਜ਼ਾਰ ਸਿੰਘ ਆਦਿ ਹਾਜ਼ਰ ਸਨ ।

FacebookTwitterEmailWhatsAppTelegramShare
Exit mobile version