ਫੌਜਾ ਸਿੰਘ ਸਰਾਰੀ ਨੂੰ ਤੁਰੰਤ ਬਰਖਾਸਤ ਕਰਨ ਭਗਵੰਤ ਮਾਨ – ਬਾਜਵਾ

ਸਰਾਰੀ ਦੀ ਲੀਕ ਹੋਈ ਆਡੀਓ ਕਲਿੱਪ ਦੀ ਜਾਂਚ ਦੀ ਮੰਗੀ

 ਚੰਡੀਗੜ੍ਹ, 12 ਸਤੰਬਰ (ਦਾ ਪੰਜਾਬ ਵਾਇਰ)। ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੂਡ ਪ੍ਰੋਸੈਸਿੰਗ, ਬਾਗਬਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਤੁਰੰਤ ਕੈਬਨਿਟ ਵਿੱਚੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਬਾਜਵਾ ਨੇ ਭਗਵੰਤ ਮਾਨ ਨੂੰ ਐਤਵਾਰ ਨੂੰ ਵਾਇਰਲ ਹੋਈ ਉਸ ਆਡੀਓ ਕਲਿੱਪ ਦੀ ਵੀ ਜਾਂਚ ਦੇ ਹੁਕਮ ਦੇਣ ਦੀ ਮੰਗ ਕੀਤੀ, ਜਿਸ ਵਿਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਕਥਿਤ ਤੌਰ ‘ਤੇ ਆਪਣੇ ਇਕ ਕਰੀਬੀ ਸਾਥੀ ਰਾਹੀਂ ਪੈਸੇ ਦਾ ਸੌਦਾ ਤੈਅ ਕਰਦੇ ਸੁਣਿਆ ਗਿਆ ਸੀ। 

ਪ੍ਰਤਾਪ ਬਾਜਵਾ ਦਾ ਕਹਿਣਾ ਹੈ ਕਿ “ਕੁਝ ਮੀਡੀਆ ਰਿਪੋਰਟਾਂ” ਦੇ ਅਨੁਸਾਰ, ਸਾਰਾਰੀ ਨੇ ਮੰਨਿਆ ਹੈ ਕਿ ਆਡੀਓ ਕਲਿੱਪ ਵਿੱਚ ਆਵਾਜ਼ ਉਸਦੀ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਗੱਲਬਾਤ ਗੁੱਸੇ ਵਾਲੀ ਸੀ। ਇਸ ਲਈ ਆਡੀਓ ਕਲਿੱਪ ਦੀ ਸੱਚਾਈ ਅਤੇ ਪ੍ਰਮਾਣਿਕਤਾ ਦੀ ਜਾਂਚ ਕਰਨਾ ਅਤੇ ਇਹ ਜਾਣਨ ਲਈ ਕਿ ਕੀ ਕੈਬਨਿਟ ਮੰਤਰੀ ਪੈਸਿਆਂ ਦਾ ਸੌਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਇਸ ਮੁੱਦੇ ਦੀ ਤਹਿ ਤੱਕ ਜਾਣ ਲਈ ਇਹ ਸਭ ਤੋਂ ਵੱਧ ਜ਼ਰੂਰੀ ਹੈ,। 

ਬਾਜਵਾ ਨੇ ਕਿਹਾ ਕਿ ਆਡੀਓ ਕਲਿੱਪ ਦੀ ਨਿਰਪੱਖ ਅਤੇ ਸੁਤੰਤਰ ਜਾਂਚ ਉਦੋਂ ਹੀ ਸੰਭਵ ਹੋਵੇਗੀ ਜਦੋਂ ਕੈਬਨਿਟ ਮੰਤਰੀ ਜਾਂ ਤਾਂ ਆਪਣੀ ਮਰਜ਼ੀ ਨਾਲ ਅਸਤੀਫਾ ਦੇਵੇ ਜਾਂ ਭਗਵੰਤ ਮਾਨ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਕਹਿਣ। 

“ਭਗਵੰਤ ਮਾਨ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ 25 ਮਈ ਨੂੰ ਉਨ੍ਹਾਂ ਨੇ ਆਪਣੇ ਹੀ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਇੱਕ ਵੀਡੀਓ ਸੰਦੇਸ਼ ਵਿੱਚ ਇਹ ਦਾਅਵਾ ਕਰਨ ਤੋਂ ਬਾਅਦ ਬਰਖਾਸਤ ਕਰ ਦਿੱਤਾ ਸੀ ਕਿ ਉਹ ਫ਼ੋਨ ਉੱਤੇ ਭ੍ਰਿਸ਼ਟਾਚਾਰ ਵਿੱਚ ਲਿਪਤ ਪਾਏ ਗਏ ਸਨ ਤੇ  ਭਗਵੰਤ ਮਾਨ ਨੇ ਉਸ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕੀਤਾ ਸਗੋਂ ਡਾ. ਸਿੰਗਲਾ ਨੂੰ ਦੋਸ਼ਾਂ ਵਿੱਚ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ”। 

ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਇਕ ਵਾਰ ਫਿਰ ਉਦਾਹਰਨ ਦੇਣੀ ਚਾਹੀਦੀ ਹੈ ਅਤੇ ਸਰਾਰੀ ਨੂੰ ਉਸ ਦੇ ਆਡੀਓ ਕਲਿੱਪ ਦੀ ਜਾਂਚ ਪੂਰੀ ਹੋਣ ਤੱਕ ਬਰਖ਼ਾਸਤ ਕਰਨਾ ਚਾਹੀਦਾ ਹੈ। 

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਕੋਈ ਜਾਂਚ ਨਹੀਂ ਕੀਤੀ ਜਾਂਦੀ ਤਾਂ ਇਸ ਦਾ ਮਤਲਬ ਭਗਵੰਤ ਮਾਨ ਦਾ ਦੋਹਰਾ ਮਾਪਦੰਡ ਹੋਵੇਗਾ। ਇਸ ਤੋਂ ਇਲਾਵਾ ਜੇਕਰ ਸਾਰਾਰੀ ਕੈਬਨਿਟ ਦੇ ਅਹੁਦੇ ‘ਤੇ ਕਾਬਜ਼ ਰਹਿੰਦਾ ਹੈ ਤਾਂ ਉਹ ਸ਼ਿਕਾਇਤਕਰਤਾਵਾਂ ਦੇ ਨਾਲ-ਨਾਲ ਕੇਸ ਦੇ ਗਵਾਹਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਜੋ ਆਡੀਓ ਕਲਿੱਪ ਦੇ ਤੱਥਾਂ ‘ਤੇ ਹੋਰ ਰੌਸ਼ਨੀ ਪਾਉਣ ਲਈ ਅੱਗੇ ਆਉਣਾ ਚਾਹੁੰਦੇ ਹਨ। 

ਬਾਜਵਾ ਨੇ ਕਿਹਾ ਕਿ ਅਸਲ ‘ਚ ਪੰਜਾਬ ‘ਚ ਸੱਤਾ ‘ਚ ਆਉਣ ਤੋਂ ਬਾਅਦ  ਭਗਵੰਤ ਮਾਨ ਸਰਕਾਰ ਨੇ ਹੀ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਆਡੀਓ ਅਤੇ ਵੀਡੀਓ ਕਲਿੱਪਾਂ ਦੇ ਨਾਲ ਆਪਣੇ ਅਧਿਕਾਰਤ ਵੈੱਬ ਪੋਰਟਲ ‘ਤੇ ਸ਼ਿਕਾਇਤਾਂ ਕਰਨ ਲਈ ਉਤਸ਼ਾਹਿਤ ਕੀਤਾ।

FacebookTwitterEmailWhatsAppTelegramShare
Exit mobile version