ਵਿਸਫੋਟਕ ਮਾਮਲੇ ਵਿੱਚ ਫਰਾਰ ਦੋਸ਼ੀ ਦੀ ਭਾਲ ਵਿੱਚ ਲੱਗੇ ਪੁਲੀਸ ਅਧਿਕਾਰੀ ਤੇ ਹਮਲਾ, ਇਰਾਦਾ ਕਤਲ ਦਾ ਮਾਮਲਾ ਦਰਜ

FIR

ਗੁਰਦਾਸਪੁਰ, 4 ਸਤੰਬਰ (ਮੰਨਣ ਸੈਣੀ)। ਬੀਤੇ ਦਿਨ ਅੰਮ੍ਰਿਤਸਰ ਦੇ ਮੈਂਟਲ ਹਸਪਤਾਲ ਤੋਂ ਫਰਾਰ ਹੋਏ ਵਿਸਫੋਟਕ ਮਾਮਲਿਆਂ ਵਿੱਚ ਫੜੇ ਗਏ ਦੋਸ਼ੀ ਦੀ ਭਾਲ ਵਿੱਚ ਗਏ ਪੁਲੀਸ ਮੁਲਾਜ਼ਮ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਮੁਲਾਜ਼ਮ ਨੂੰ ਗੱਡੀ ਥੱਲੇ ਦੇ ਕੇ ਮਾਰਨ ਦੀ ਕੋਸ਼ਿਸ਼ ਫਰਾਰ ਮੁਲਜ਼ਮ ਦੇ ਪਿਤਾ ਅਤੇ ਪਰਿਵਾਰ ਵੱਲੋਂ ਕੀਤੀ ਗਈ। ਇਸ ਸਬੰਧੀ ਥਾਣਾ ਤਿੱਬਤ ਦੀ ਪੁਲੀਸ ਨੇ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਾਰੇ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਅਮਰੀਕ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ ‘ਚ ਵੱਖ-ਵੱਖ ਮਾਮਲਿਆਂ ‘ਚ ਬੰਦ ਦੋਸ਼ੀ ਅਸ਼ੀਸ਼ ਮਸੀਹ ਪੁੱਤਰ ਜੋਬਨ ਮਸੀਹ ਵਾਸੀ ਗੋਹਤ ਪੋਖਰ ਨੂੰ ਇਲਾਜ ਲਈ ਮੈਂਟਲ ਹਸਪਤਾਲ ਅੰਮ੍ਰਿਤਸਰ ‘ਚ ਦਾਖਲ ਕਰਵਾਇਆ ਗਿਆ ਸੀ। ਉਥੇ ਉਹ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਸ ਅਧਿਕਾਰੀਆਂ ਦੀਆਂ ਹਦਾਇਤਾਂ ‘ਤੇ ਦੋਸ਼ੀ ਦੇ ਘਰ ਛਾਪਾ ਮਾਰਿਆ ਗਿਆ ਅਤੇ ਪੁਲਸ ਪਾਰਟੀ ਨਾਲ ਉਸ ਨੂੰ ਕਾਬੂ ਕਰਨ ਲਈ ਉਥੇ ਪਹੁੰਚ ਕੀਤੀ ਗਈ। ਜਿੱਥੇ ਫਰਾਰ ਮੁਲਜ਼ਮ ਦਾ ਪਿਤਾ ਜੋਬਨ ਮਸੀਹ ਪੁੱਤਰ ਗੁਲਜ਼ਾਰ ਮਸੀਹ, ਮਾਂ ਵੀਨਸ, ਭੈਣ ਮਹਿਕ ਅਤੇ ਚਾਹਤ ਵਾਸੀ ਗੁਰਦਾਸਪੁਰ ਮੌਜੂਦ ਸਨ। ਉਹਨ੍ਹਾਂ ਵੱਲੋਂ ਘਰ ਦੇ ਅੰਦਰ ਜਾਣ ਤੋਂ ਰੋਕਿਆ ਗਿਆ ਅਤੇ ਜ਼ਬਰਦਸਤੀ ਦਰਵਾਜ਼ਾ ਬੰਦ ਕਰਕੇ ਘਰ ਦੇ ਬਾਹਰ ਖੜ੍ਹੀ ਕਾਰ ਵਿੱਚ ਬੈਠ ਗਏ। ਇਸ ਦੌਰਾਨ ਜੋਬਨ ਮਸੀਹ ਨੇ ਕਾਰ ਸਟਾਰਟ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਏਐਸਆਈ ਰਛਪਾਲ ਸਿੰਘ ਨੇ ਅੱਗੇ ਜਾ ਕੇ ਉਸ ਨੂੰ ਰੋਕ ਲਿਆ। ਜਿਸ ’ਤੇ ਮੁਲਜ਼ਮ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਜੋਬਨ ਮਸੀਹ ਵੱਲੋਂ ਏਐਸਆਈ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਏਐਸਆਈ ਨੇ ਭੱਜ ਕੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਇਸ ਮਾਮਲੇ ‘ਚ ਪੁਲਸ ਨੇ ਸਾਰਿਆਂ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਦੱਸਣਯੋਗ ਹੈ ਕਿ ਦਸੰਬਰ 2021 ਵਿੱਚ ਥਾਣਾ ਸਦਰ ਅਧੀਨ ਪੈਂਦੇ ਪਿੰਡ ਸਲੀਮ ਪੁਰ ਅਰਾਇਆ ਤੋਂ ਮਿਲੇ ਟਿਫਿਨ ਬੰਬ ਅਤੇ ਗ੍ਰਨੇਡ ਮਾਮਲੇ ਵਿੱਚ ਆਸ਼ੀਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਸ਼ੀ ਆਸ਼ੀਸ਼ ਮਸੀਹ ਉਰਫ਼ ਰਾਜਾ ਪੁਲੀਸ ਨੂੰ ਚਕਮਾ ਦੇ ਕੇ ਅੰਮ੍ਰਿਤਸਰ ਤੋਂ ਫਰਾਰ ਹੋ ਗਿਆ ਹੈ। ਇਸ ਮਾਮਲੇ ਵਿੱਚ ਉਨ੍ਹਾਂ ਦੀ ਨਿਗਰਾਨੀ ਹੇਠ ਤਾਇਨਾਤ ਗੁਰਦਾਸਪੁਰ ਪੁਲੀਸ ਦੇ ਚਾਰ ਮੁਲਾਜ਼ਮਾਂ ਨੂੰ ਵਿਭਾਗੀ ਕਾਰਵਾਈ ਕਰਦਿਆਂ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਖ਼ਿਲਾਫ਼ ਅੰਮ੍ਰਿਤਸਰ ਵਿੱਚ ਵੀ ਕੇਸ ਦਰਜ ਕੀਤਾ ਗਿਆ ਹੈ। ਜਿਸ ਵਿੱਚ ਏ.ਐਸ.ਆਈ ਸੁਖਦੇਵ ਸਿੰਘ, ਗੁਰਦੇਵ ਸਿੰਘ, ਸੁਰਜੀਤ ਸਿੰਘ ਅਤੇ ਬਲਵਿੰਦਰ ਸਿੰਘ ਸ਼ਾਮਲ ਸਨ।

ਇਸ ਮਾਮਲੇ ਵਿੱਚ ਗੁਰਦਾਸਪੁਰ ਦੇ ਐਸਐਸਪੀ ਦੀਪਕ ਹਿਲੌਰੀ ਨੇ ਦੱਸਿਆ ਕਿ ਪੁਲੀਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜਲਦੀ ਹੀ ਮੁੱਖ ਮੁਲਜ਼ਮ ਅਤੇ ਬਾਕੀ ਸਾਰੇ ਪੁਲੀਸ ਦੀ ਗ੍ਰਿਫ਼ਤ ਵਿੱਚ ਹੋਣਗੇ।

FacebookTwitterEmailWhatsAppTelegramShare
Exit mobile version