ਸਲੀਮਪੁਰ ਅਰਾਈਆਂ ‘ਚ ਜ਼ਬਤ ਗ੍ਰਨੇਡ ਅਤੇ ਟਿਫਿਨ ਬੰਬ ਮਾਮਲੇ ‘ਚ ਫੜਿਆ ਗਿਆ ਗੋਹਤ ਪੋਕਰ ਦਾ ਆਸ਼ੀਸ਼ ਮਸੀਹ ਉਰਫ਼ ਰਾਜਾ
ਅਸ਼ੀਸ਼ ਮਸੀਹ ਨੂੰ ਦਿਮਾਗੀ ਤੌਰ ‘ਤੇ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ
ਗੁਰਦਾਸਪੁਰ, 3 ਸਤੰਬਰ (ਮੰਨਣ ਸੈਣੀ)। ਦਸੰਬਰ 2021 ਵਿੱਚ ਥਾਣਾ ਸਦਰ ਅਧੀਨ ਪੈਂਦੇ ਪਿੰਡ ਸਲੀਮਪੁਰ ਅਰਾਈਆਂ ਤੋਂ ਮਿਲੇ ਟਿਫਿਨ ਬੰਬ ਅਤੇ ਗ੍ਰੇਨੇਡ ਮਾਮਲੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਆਸ਼ੀਸ਼ ਮਸੀਹ ਉਰਫ਼ ਰਾਜਾ ਪੁਲੀਸ ਨੂੰ ਚਕਮਾ ਦੇ ਕੇ ਅੰਮ੍ਰਿਤਸਰ ਦੇ ਮੈਂਟਲ ਹਸਪਤਾਲ ਤੋਂ ਫਰਾਰ ਹੋ ਗਿਆ ਹੈ। ਇਸ ਮਾਮਲੇ ਵਿੱਚ ਉਨ੍ਹਾਂ ਦੀ ਨਿਗਰਾਨੀ ਲਈ ਤਾਇਨਾਤ ਗੁਰਦਾਸਪੁਰ ਪੁਲੀਸ ਦੇ ਚਾਰ ਮੁਲਾਜ਼ਮਾਂ ਨੂੰ ਤੇ ਵਿਭਾਗੀ ਕਾਰਵਾਈ ਕਰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਅਮ੍ਰਿਤਸਰ ਵਿੱਚ ਮਾਮਲਾ ਵੀ ਦਰਜ਼ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਗੁਰਦਾਸਪੁਰ ਪੁਲਿਸ ਵਲੋਂ ਥਾਣਾ ਸਦਰ ਵਿਖੇ 3,4,5 ਐਕਸਪਲੋਸਿਵ ਐਕਟ 1908 ਅਧੀਨ ਦਰਜ ਕੀਤੇ ਗਏ ਮਾਮਲੇ ‘ਚ ਅਸ਼ੀਸ਼ ਮਸੀਹ ਉਰਫ਼ ਰਾਜਾ ਪੁੱਤਰ ਜੋਬਨ ਮਸੀਹ ਵਾਸੀ ਗੋਹਤ ਪੋਕਰ ਥਾਣਾ ਤਿੱਬੜ ਨੂੰ ਗਿ੍ਫ਼ਤਾਰ ਕੀਤਾ ਸੀ | ਉਹ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਬੰਦ ਸੀ। 30 ਅਗਸਤ 2022 ਨੂੰ ਉਸਦੀ ਦਿਮਾਗੀ ਹਾਲਤ ਕਾਰਨ ਉਸਨੂੰ ਗੁਰੂ ਨਾਨਕ ਹਸਪਤਾਲ, ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ, ਜਿੱਥੋਂ ਉਸਨੂੰ ਮੈਂਟਲ ਹਸਪਤਾਲ ਭੇਜ ਦਿੱਤਾ ਗਿਆ। ਅੱਜ ਸਵੇਰੇ ਉਹ ਪੁਲਿਸ ਨੂੰ ਚਕਮਾ ਦੇ ਕੇ ਹਥਕੜੀਆਂ ਛੁੜਾ ਕੇ ਹਸਪਤਾਲ ਤੋਂ ਫਰਾਰ ਹੋ ਗਿਆ। ਜਿਸ ਨਾਲ ਪੂਰੇ ਪੰਜਾਬ ਦੀ ਪੁਲਿਸ ਵਲੋਂ ਅਲਰਟ ਜਾਰੀ ਕਰ ਦਿੱਤਾ ਗਿਆ।

ਇਸ ਸਬੰਧੀ ਆਈਜੀਪੀ ਬਾਰਡਰ ਰੇਂਜ ਮੋਹਨੀਸ਼ ਚਾਵਲਾ ਨੇ ਦੱਸਿਆ ਕਿ ਗੁਰਦਾਸਪੁਰ ਪੁਲੀਸ ਵੱਲੋਂ ਅਸ਼ੀਸ਼ ਮਸੀਹ ਦੀ ਨਿਗਰਾਨੀ ਲਈ ਗੁਰਦਾਸਪੁਰ ਪੁਲਿਸ ਵੱਲੋਂ ਚਾਰ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਜਿਸ ‘ਤੇ ਵਿਭਾਗੀ ਕਾਰਵਾਈ ਕਰਦੇ ਹੋਏ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਸ ਖਿਲਾਫ ਅੰਮ੍ਰਿਤਸਰ ‘ਚ ਮਾਮਲਾ ਵੀ ਦਰਜ ਕੀਤਾ ਗਿਆ ਹੈ। ਆਈ.ਜੀ.ਚਾਵਲਾ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ‘ਤੇ ਬਹੁਤ ਗੰਭੀਰਤਾ ਨਾਲ ਕੰਮ ਕਰਦੇ ਹੋਏ ਉਕਤ ਦੋਸ਼ੀ ਨੂੰ ਫੜਿਆ ਹੈ ਅਤੇ ਹੁਣ ਉਸਦੀ ਮੁੜ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਵਲੋਂ ਬੜੀ ਮੁਸਤੈਦੀ ਨਾਲ ਛਾਪੇਮਾਰੀ ਕਰ ਰਹੀ ਹੈ ਅਤੇ ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਪੁਲਿਸ ਵੱਲੋਂ ਤੱਤਕਾਲ ਥਾਂ-ਥਾਂ ਤੇ ਨਾਕਾਬੰਦੀ ਕਰ ਦਿੱਤੀ ਗਈ ਸੀ।
ਗੁਰਦਾਸਪੁਰ ਦੇ ਐਸਐਸਪੀ ਦੀਪਕ ਹਿਲੌਰੀ ਨੇ ਦੱਸਿਆ ਕਿ ਗੁਰਦਾਸਪੁਰ ਪੁਲੀਸ ਵੱਲੋਂ ਏਐਸਆਈ ਸੁਖਦੇਵ ਸਿੰਘ, ਗੁਰਦੇਵ ਸਿੰਘ, ਸੁਰਜੀਤ ਸਿੰਘ ਅਤੇ ਬਲਵਿੰਦਰ ਸਿੰਘ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਸੰਬੰਧੀ ਸਿੱਧੇ ਤਾਰ ਗੈਂਗਸਟਰ ਸੁਖਪ੍ਰੀਤ ਸਿੰਘ ਸੁੱਖ ਵਾਸੀ ਖਰਲ ਨਾਲ ਜੁੜੇ ਸਨ, ਜੋਂ ਪਾਕਿਸਤਾਨ ਆਧਾਰਿਤ ਅੱਤਵਾਦੀ ਸੰਗਠਨ ਸਿੱਖ ਯੂਧ ਫੈਡਰੇਸ਼ਨ ਦੇ ਮੁੱਖੀ ਲਖਬੀਰ ਸਿੰਘ ਰੋਡੇ ਰਾਰੀ ਪਾਕਿਸਤਾਨ ਤੋਂ ਹਥਿਆਰ ਮੰਗਵਾਉਂਦਾ ਸੀ।