ਗੁਰਦਾਸਪੁਰ ਸ਼ਹਿਰ ਨੂੰ ਸਫ਼ਾਈ ਪੱਖੋਂ ਖੂਬਸੂਰਤ ਬਣਾਉਣ ਲਈ ‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਦੀ ਸ਼ੁਰੂਆਤ

ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ਵਾਸੀਆਂ ਨੂੰ ‘ਮੇਰਾ ਸ਼ਹਿਰ ਮੇਰਾ ਮਾਣ’ ਮਹਿੰਮ ਨਾਲ ਜੁੜਨ ਦਾ ਸੱਦਾ

ਗੁਰਦਾਸਪੁਰ, 26 ਅਗਸਤ ( ਮੰਨਣ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵੱਲੋਂ ਗੁਰਦਾਸਪੁਰ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਖੂਬਸੂਰਤ ਬਣਾਉਣ ਲਈ ਅੱਜ ਸਥਾਨਕ ਰਵਿਦਾਸ ਚੌਂਕ ਤੋਂ ‘ਮੇਰਾ ਸ਼ਹਿਰ ਮੇਰਾ ਮਾਣ’ ਮਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਅਮਨਦੀਪ ਕੌਰ, ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ, ਈ.ਓ. ਨਗਰ ਕੌਂਸਲ ਅਸ਼ੋਕ ਕੁਮਾਰ, ਕੌਂਸਲਰ, ਨਗਰ ਕੌਂਸਲ ਦਾ ਸਟਾਫ ਅਤੇ ਸਫ਼ਾਈ ਕਰਮਚਾਰੀਆਂ ਤੋਂ ਇਲਾਵਾ ਸ਼ਹਿਰ ਦੇ ਹੋਰ ਮੋਹਤਬਰ ਵੀ ਮੌਜੂਦ ਸਨ।

‘ਮੇਰਾ ਸ਼ਹਿਰ ਮੇਰਾ ਮਾਣ’ ਮਹਿੰਮ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਗੁਰਦਾਸਪੁਰ ਸ਼ਹਿਰ ਜੋ ਕਿ ਜ਼ਿਲ੍ਹਾ ਸਦਰ ਮੁਕਾਮ ਦਾ ਦਰਜਾ ਵੀ ਰੱਖਦਾ ਹੈ ਇਸ ਸ਼ਹਿਰ ਨੂੰ ਸਫ਼ਾਈ ਪੱਖੋਂ ਹੋਰ ਬੇਹਤਰ ਬਣਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਹਫ਼ਤੇ ਦੇ ਹਰ ਸ਼ੁਕਰਵਾਰ ਨੂੰ ਇੱਕ ਵਾਰਡ ਨੂੰ ਚੁਣ ਕੇ ਓਥੇ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਜਾਵੇਗਾ ਅਤੇ ਇਸਦੇ ਨਾਲ ਹੀ ਲੋਕਾਂ ਨੂੰ ਆਪਣੇ ਘਰਾਂ ਦੇ ਕੂੜੇ ਨੂੰ ਸੈਗਰੀਗੇਟ ਕਰਨ ਲਈ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਕੂੜੇ ਦਾ ਨਿਪਟਾਰਾ ਵਿਗਿਅਨਿਕ ਢੰਗ ਨਾਲ ਕਰਕੇ ਡੰਪਾਂ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜਾਗਰੂਕਤਾ ਮੁਹਿੰਮ ਤਹਿਤ ਸ਼ਹਿਰ ਵਾਸੀਆਂ ਨੂੰ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿੱਚ ਨਗਰ ਕੌਂਸਲ ਦੇ ਨਾਲ ਹਰ ਸ਼ਹਿਰ ਵਾਸੀ ਦੀ ਵੀ ਜਿੰਮੇਵਾਰੀ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੇ ਸ਼ਹਿਰ ਨੂੰ ਖੂਬਸੂਰਤ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ‘ਮੇਰਾ ਸ਼ਹਿਰ ਮੇਰਾ ਮਾਣ’ ਮੁਹਿੰਮ ਨੂੰ ਜ਼ਿਲ੍ਹੇ ਦੇ ਹੋਰ ਸ਼ਹਿਰਾਂ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ।

ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਅਮਨਦੀਪ ਕੌਰ, ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਵੱਲੋਂ ਕੂੜੇ ਤੋਂ ਬਣਾਈ ਗਈ ਦੇਸੀ ਖਾਦ ਦੀਆਂ ਥੈਲੀਆਂ ਸ਼ਹਿਰ ਵਾਸੀਆਂ ਨੂੰ ਵੰਡੀਆਂ ਗਈਆਂ। ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਰਵਿਦਾਸ ਚੌਂਕ ਵਿੱਚ ਪੌਦਾ ਲਗਾਇਆ ਗਿਆ ਅਤੇ ਨਾਲ ਹੀ ਸਫ਼ਾਈ ਅਭਿਆਨ ਦੀ ਸ਼ੁਰੂਆਤ ਕੀਤੀ।

FacebookTwitterEmailWhatsAppTelegramShare
Exit mobile version