ਨਜਾਇਜ਼ ਕਬਜ਼ੇ ਛੁਡਾਉਣ ਲਈ ਪੰਚਾਇਤ ਵਿਭਾਗ ਦੀ ਬਟਾਲਾ ਸ਼ਹਿਰ ਵਿੱਚ ਵੱਡੀ ਕਾਰਵਾਈ

ਬਟਾਲਾ ਕਲੱਬ ਦੇ ਪਿਛਲੇ ਪਾਸੇ ਬਲਾਕ ਸੰਮਤੀ ਦੀਆਂ ਦੋ ਰਿਹਾਇਸ਼ੀ ਕੋਠੀਆਂ ਦਾ ਕਬਜ਼ਾ ਲਿਆ

ਬਟਾਲਾ, 17 ਅਗਸਤ ( ਮੰਨਣ ਸੈਣੀ )। – ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਅੱਜ ਬਟਾਲਾ ਸ਼ਹਿਰ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਪੰਚਾਇਤ ਸੰਮਤੀ ਦੀਆਂ ਜਾਇਦਾਦਾਂ ਤੋਂ ਨਜਾਇਜ਼ ਕਬਜ਼ੇ ਛੁਡਾਏ ਗਏ ਹਨ। ਪੰਚਾਇਤ ਸੰਮਤੀ ਵੱਲੋਂ ਇਹ ਕਾਰਵਾਈ ਬਟਾਲਾ ਕਲੱਬ ਦੇ ਪਿਛਲੇ ਪਾਸੇ 2 ਰਿਹਾਇਸ਼ੀ ਇਮਾਰਤਾਂ ਨੂੰ ਆਪਣੇ ਕਬਜ਼ੇ ਵਿਚ ਲੈਣ ਦੀ ਹੈ।

ਪੰਚਾਇਤ ਸੰਮਤੀ ਬਟਾਲਾ ਵਿਖੇ ਸ੍ਰੀਮਤੀ ਅਮਰਜੀਤ ਕੌਰ ਚੇਅਰਪਰਸ਼ਨ ਬਲਾਕ ਸੰਮਤੀ ਬਟਾਲਾ ਦੀ ਪ੍ਰਧਾਨਗੀ ਅਤੇ ਸ. ਮਿਤਰਮਾਨ ਸਿੰਘ ਬੀ.ਡੀ.ਪੀ.ਓ ਬਟਾਲਾ ਦੀ ਹਾਜ਼ਰੀ ਵਿਚ ਇੱਕ ਵਿਸ਼ੇਸ ਮੀਟਿੰਗ ਕੀਤੀ ਗਈ ਜਿਸ ਇਸ ਮੀਟਿੰਗ ਵਿਚ ਪੰਚਾਇਤ ਸੰਮਤੀ ਬਟਾਲਾ ਦੀਆਂ ਜਾਇਦਾਦਾ ਦਾ ਮੁਲਾਂਕਣ ਕੀਤਾ ਗਿਆ। ਮੀਟਿੰਗ ਵਿਚ ਪਾਸ ਹੋਏ ਮਤੇ ਅਨੁਸਾਰ ਬਟਾਲਾ ਕਲੱਬ ਦੀ ਇਮਾਰਤ ਦੇ ਪਿੱਛਲੇ ਪਾਸੇ ਪੰਚਾਇਤ ਸੰਮਤੀ ਦੀਆਂ ਦੋ ਕੋਠੀਆਂ ਦੇ ਕਬਜ਼ੇ ਛੁਡਾਏ ਗਏ।

ਇਸ ਮੌਕੇ ਸ: ਮਿਤਰਮਾਨ ਸਿੰਘ ਬੀ.ਡੀ.ਪੀ.ਓ ਬਟਾਲਾ ਨੇ ਦੱਸਿਆ ਕਿ ਪੰਚਾਇਤੀ ਵਿਭਾਗ ਦੇ ਦਿਸ਼ਾ ਨਿਰਦੇਸ਼ ਹਨ ਕਿ ਜੋ ਵੀ ਪੰਚਾਇਤੀ ਵਿਭਾਗ ਦੀਆਂ ਜਾਇਦਾਦਾ ਤੇ ਕਬਜ਼ੇ ਹੋਏ ਹਨ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਦੇਰੀ ਤੋਂ ਛੁਡਾਇਆ ਜਾਵੇ। ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਪੰਚਾਇਤ ਸੰਮਤੀ ਬਟਾਲਾ ਦੀਆਂ ਦੋ ਕੋਠੀਆਂ ਸਨ ਜੋ ਬਿਨ੍ਹਾਂ ਕਿਸੇ ਕਾਰਨ ਕਬਜ਼ੇ ਅਧੀਨ ਸਨ। ਇਨ੍ਹਾਂ ਕੋਠੀਆਂ ਦਾ ਨਾ ਤਾਂ ਵਿਭਾਗ ਨੂੰ ਕਿਰਾਇਆ ਆਦਿ ਆ ਰਿਹਾ ਸੀ ਅਤੇ ਨਾ ਹੀ ਕਿਸੇ ਕੋਲ ਕਿਸੇ ਕਿਸਮ ਦੀ ਲਿਖਤ ਪੜ੍ਹਤ ਸੀ। ਚੇਅਰਪਰਸ਼ਨ ਬਲਾਕ ਸੰਮਤੀ ਬਟਾਲਾ ਅਤੇ ਬੀ.ਡੀ.ਪੀ.ਓ ਬਟਾਲਾ ਵੱਲੋਂ ਸੰਮਤੀ ਮੈਂਬਰਾਂ ਦੀ ਹਾਜ਼ਰੀ ਵਿਚ ਇਨ੍ਹਾਂ ਕੋਠੀਆਂ ਦੇ ਨਜ਼ਾਇਜ਼ ਕਬਜ਼ੇ ਛੁਡਾ ਕੇ ਪੰਚਾਇਤ ਵਿਭਾਗ ਨੇ ਆਪਣਾ ਕਬਜ਼ਾ ਕੀਤਾ।

ਇਸ ਮੌਕੇ ਸ੍ਰੀਮਤੀ ਮਨਪ੍ਰੀਤ ਕੌਰ ਸੁਪਰਡੰਟ, ਕੁਲਵਿੰਦਰ ਸਿੰਘ ਟੈਕਸ ਕੁਲੈਕਟਰ, ਮਨਜਿੰਦਰ ਸਿੰਘ ਪੰਚਾਇਤ ਅਫ਼ਸਰ, ਇਕਵਿੰਦਰ ਕੌਰ, ਮਨਜੀਤ ਕੌਰ, ਗੁਰਦੇਵ ਸਿੰਘ, ਪਲਵਿੰਦਰ ਸਿੰਘ, ਨਿਰਮਲ ਸਿੰਘ, ਅਜੀਤ ਸਿੰਘ, ਹਰਪ੍ਰੀਤ ਸਿੰਘ, ਗਿਆਨ ਸਿੰਘ, ਧਰਮਿੰਦਰ ਸਿੰਘ, ਬਲਦੇਵ ਸਿੰਘ, ਮਨਜੀਤ ਕੌਰ, ਦਲਜੀਤ ਕੌਰ, ਮਨਪ੍ਰੀਤ ਕੌਰ ਸਾਰੇ ਸੰਮਤੀ ਮੈਂਬਰ ਹਾਜ਼ਰ ਸਨ।  

FacebookTwitterEmailWhatsAppTelegramShare
Exit mobile version