ਮੇਜਰ ਧਿਆਨ ਚੰਦ ਨੂੰ ਸਮਰਪਿਤ ਹੁਣ ਤੱਕ ਦਾ ਸਭ ਤੋਂ ਵੱਡਾ ਖੇਡ ਕੁੰਭ ‘ਪੰਜਾਬ ਖੇਡ ਮੇਲਾ’ ਕਰਵਾਏਗਾ ਪੰਜਾਬ: ਮੁੱਖ ਮੰਤਰੀ

ਆਪਣੀ ਤਰ੍ਹਾਂ ਦੇ ਇਸ ਅਨੂਠੇ ਤੇ ਵੱਡੇ ਖੇਡ ਕੁੰਭ ਦੀਆਂ ਤਿਆਰੀਆਂ ਦੀ ਕੀਤੀ ਸਮੀਖਿਆ

ਪੈਰਾ ਅਥਲੀਟਾਂ ਤੇ 40 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ/ਖਿਡਾਰੀਆਂ ਲਈ ਪਹਿਲੀ ਦਫ਼ਾ ਵੱਖਰੇ ਵਰਗ ਹੋਣਗੇ

ਚੰਡੀਗੜ੍ਹ, 4 ਅਗਸਤ ( ਦ ਪੰਜਾਬ ਵਾਇਰ)।ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੌਮੀ ਖੇਡ ਦਿਵਸ ਮੌਕੇ 29 ਅਗਸਤ ਨੂੰ ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ ਕਰਵਾਏ ਜਾ ਰਹੇ ਹੁਣ ਤੱਕ ਦੇ ਸਭ ਤੋਂ ਵੱਡੇ ਖੇਡ ਕੁੰਭ ‘ਪੰਜਾਬ ਖੇਡ ਮੇਲੇ’ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਲੱਖਾਂ ਖਿਡਾਰੀਆਂ ਲਈ ਹਮੇਸ਼ਾ ਤੋਂ ਪ੍ਰੇਰਨਾ ਦਾ ਸਰੋਤ ਰਹੇ ਹਨ ਅਤੇ ਪੰਜਾਬ ਖੇਡ ਮੇਲਾ ਉੱਭਰਦੇ ਖਿਡਾਰੀਆਂ ਤੇ ਆਮ ਲੋਕਾਂ ਵਿਚਾਲੇ ਖੇਡਾਂ ਦੀ ਚਿਣਗ ਨੂੰ ਹੋਰ ਹਵਾ ਦੇਵੇਗਾ।”

ਮੁੱਖ ਮੰਤਰੀ ਨੇ ਕਿਹਾ ਕਿ ਇਸ ਖੇਡ ਮੇਲੇ ਦਾ ਮੁੱਢਲਾ ਉਦੇਸ਼ ਇਕ ਪਾਸੇ ਖੇਡਾਂ ਦੇ ਖੇਤਰ ਵਿੱਚ ਨਵੀਆਂ ਪ੍ਰਤਿਭਾਵਾਂ ਦੀ ਪਛਾਣ ਕਰਨਾ ਹੈ ਅਤੇ ਦੂਜੇ ਪਾਸੇ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਦੇਣਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਆਪਣੀਆਂ ਚਮਕਾਂ ਬਿਖੇਰ ਰਹੇ ਪੰਜਾਬ ਦੇ ਖਿਡਾਰੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਜੇ ਉਨ੍ਹਾਂ ਨੂੰ ਅਨੁਕੂਲ ਮਾਹੌਲ ਮਿਲੇ ਤਾਂ ਉਹ ਕਿਸੇ ਵੀ ਖੇਤਰ ਵਿੱਚ ਚਮਤਕਾਰ ਦਿਖਾ ਸਕਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਮੇਲਾ ਨੌਜਵਾਨਾਂ ਨੂੰ ਆਪਣਾ ਹੁਨਰ ਦਿਖਾਉਣ ਲਈ ਵੱਡਾ ਪਲੇਟਫਾਰਮ ਮੁਹੱਈਆ ਕਰਨ ਤੋਂ ਇਲਾਵਾ ਸੂਬੇ ਵਿੱਚ ਖੇਡਾਂ ਦੇ ਮੁਆਫ਼ਕ ਮਾਹੌਲ ਪੈਦਾ ਹੋਣਾ ਯਕੀਨੀ ਬਣਾਏਗਾ।

ਮੁੱਖ ਮੰਤਰੀ ਨੇ ਦੱਸਿਆ ਕਿ ਇਹ ਆਪਣੀ ਤਰ੍ਹਾਂ ਦਾ ਪਹਿਲਾਂ ਅਜਿਹਾ ਮੇਲਾ ਹੋਵੇਗਾ, ਜਿਸ ਵਿੱਚ ਖਿਡਾਰੀਆਂ ਤੇ ਨਾਗਰਿਕਾਂ ਸਣੇ ਚਾਰ ਲੱਖ ਤੋਂ ਵੱਧ ਲੋਕ 28 ਖੇਡ ਵੰਨਗੀਆਂ ਵਿੱਚ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਇਹ ਮੇਲਾ ਬਲਾਕ ਤੋਂ ਸੂਬਾ ਪੱਧਰ ਤੱਕ ਕਰਵਾਇਆ ਜਾਵੇਗਾ, ਜਿਸ ਦੌਰਾਨ ਜੇਤੂਆਂ ਨੂੰ ਸਰਟੀਫਿਕੇਟਾਂ ਸਮੇਤ ਕੁੱਲ ਪੰਜ ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਖੇਡ ਮੇਲੇ ਦੌਰਾਨ ਪੈਰਾ ਅਥਲੀਟਾਂ ਦੇ ਨਾਲ-ਨਾਲ 40 ਸਾਲ ਤੋਂ ਵੱਧ ਉਮਰ ਵਰਗ ਵਾਲਿਆਂ ਲਈ ਵੀ ਵੱਖ-ਵੱਖ ਖੇਡ ਵੰਨਗੀਆਂ ਹੋਣਗੀਆਂ।

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਸ ਮੇਲੇ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦਾ ਆਦੇਸ਼ ਦਿੰਦਿਆਂ ਕਿਹਾ ਕਿ ਇਸ ਸਬੰਧ ਵਿੱਚ ਕਿਸੇ ਵੀ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਕਿਸੇ ਵੀ ਸੂਬਾ ਸਰਕਾਰ ਦੀ ਆਪਣੀ ਤਰ੍ਹਾਂ ਦੀ ਅਨੂਠੀ ਪਹਿਲਕਦਮੀ ਹੈ ਅਤੇ ਹਰੇਕ ਅਧਿਕਾਰੀ ਇਸ ਨੂੰ ਕਾਮਯਾਬ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੇ। ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੇਡ ਭਾਵਨਾ ਤੇ ਉਤਸ਼ਾਹ ਨਾਲ ਦੋ ਮਹੀਨੇ ਤੱਕ ਚੱਲਣ ਵਾਲੇ ਇਸ ਵੱਡੇ ਖੇਡ ਕੁੰਭ ਵਿੱਚ ਭਾਗ ਲੈਣ।

FacebookTwitterEmailWhatsAppTelegramShare
Exit mobile version