ਝੂੰਦਾਂ ਕਮੇਟੀ ਦੀ ਰਿਪੋਰਟ ’ਤੇ ਸਿਫਾਰਸ਼ਾਂ ਮਗਰੋਂ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ

Sukhbir Badal

ਪਾਰਟੀ ਨੂੰ ਰਵਾਇਤੀ ਕਦਰਾਂ ਕੀਮਤਾਂ ਤੇ ਨੌਜਵਾਨਾਂ ਦੀਆਂ ਆਸਾਂ ਮੁਤਾਬਕ ਪੁਨਰਗਠਨ ਕਰਕੇ ਸੁਰਜੀਤ ਕੀਤਾ ਜਾਵੇਗਾ

ਅਕਾਲੀ ਦਲ ਦੇ ਪ੍ਰਧਾਨ ਸੀਨੀਅਰ ਆਗੂਆਂ, ਵਰਕਰਾਂ, ਨੌਜਵਾਨਾਂ, ਧਾਰਮਿਕ ਤੇ ਸਿਆਸੀ ਬੁਲਾਰਿਆਂ ਤੇ ਮਾਹਿਰਾਂ ਅਤੇ ਰਾਇ ਬਣਾਉਣ ਵਾਲਿਆਂ ਨਾਲ ਕਰਨਗੇ ਸਲਾਹ ਮਸ਼ਵਰਾ : ਬੁਲਾਰਾ

ਕਮੇਟੀ ਦੀਆਂ ਸਿਫਾਰਸ਼ਾਂ ਪ੍ਰਵਾਨ ਹੋਣ ਮਗਰੋਂ ਲਿਆ ਫੈਸਲਾ

ਚੰਡੀਗੜ੍ਹ, 28 ਜੁਲਾਈ (ਦ ਪੰਜਾਬ ਵਾਇਰ)। ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਲਈ ਬਣਾਈ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਕੰਮ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਸਮੁੱਚਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਹੈ।

ਪਾਰਟੀ ਵੱਲੋਂ ਜਾਰੀ ਕੀਤੇ ਇਕ ਬਿਆਨ ਮੁਤਾਬਕ ਕੋਰ ਕਮੇਟੀ ਸਮੇਤ ਸਾਰੀਆਂ ਕਮੇਟੀਆਂ ਭੰਗ ਕਰ ਦਿੱਤੀਆ ਗਈਆਂ ਹਨ ਜਿਹਨਾਂ ਵਿਚ ਵਰਕਿੰਗ ਕਮੇਟੀ, ਸਾਰੇ ਅਹੁਦੇਦਾਰ ਤੇ ਹੋਰ ਸਾਰੇ ਵਿੰਗ ਵੀ ਭੰਗ ਕਰ ਦਿੱਤੇ ਗਏ ਹਨ।

ਇਥੇ ਦੱਸਣਯੋਗ ਹੈ ਕਿ ਬੀਤੇ ਦਿਨ ਅਕਾਲੀ ਦਲ ਦੀ ਕੋਰ ਕਮੇਟੀ, ਜੋ ਕਿ ਪਾਰਟੀ ਦੀ ਫੈਸਲਾ ਲੈਣ ਵਾਲੀ ਸਰਵਉਚ ਕਮੇਟੀ ਹੈ, ਨੇ ਝੂੰਦਾਂ ਕਮੇਟੀ ਦੀ ਰਿਪੋਰਟ ’ਤੇ ਵਿਚਾਰ ਵਟਾਂਦਰਾ ਕਰ ਕੇ ਇਸਨੂੰ ਪ੍ਰਵਾਨ ਕੀਤਾ ਸੀ ਤੇ ਇਸਦੀ ਸ਼ਲਾਘਾ ਵੀ ਕੀਤੀ ਸੀ ਤੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਿਫਾਰਸ਼ਾਂ ਲਾਗੁ ਕਰਨ ਲਈ ਲੋੜੀਂਦੇ ਕਦਮ ਚੁੱਕਣ ਦੇ ਅਧਿਕਾਰ ਵੀ ਦਿੱਤੇ ਸਨ। ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਪਾਰਟੀ ਦਾ ਜਥੇਬੰਦਕ ਢਾਂਚਾ ਭੰਗ ਕਰ ਕੇ ਨਵੇਂ ਸਿਰੇ ਤੋਂ ਬਣਾਇਆ ਜਾਵੇ ਅਤੇ ਪੰਥਕ ਤੇ ਪੰਜਾਬੀ ਹਿੱਤਾਂ ਤੇ ਕਦਰਾਂ ਕੀਮਤਾਂ ਅਨੁਸਾਰ ਪਾਰਟੀ ਵਿਚ ਨਵੀਂ ਰੂਹ ਫੂਕੀ ਜਾਵੇ ਤੇ ਅਜਿਹਾ ਕਰਦਿਆਂ ਪਾਰਟੀ ਦੇ ਹੇਠਲੇ ਪੱਧਰ ਦੇ ਵਰਕਰਾਂ, ਕੇਡਰ ਤੇ ਲੀਡਰਸ਼ਿਪ ਦੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਜਾਵੇ।

ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਪਾਰਟੀ ਵਿਚ ਨਵੀਂ ਰੂਹ ਫੂਕਣ ਲਈ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਨਵੇਂ ਸਿਰੇ ਤੋਂ ਪੁਨਰਗਠਨ ਕੀਤਾ ਜਾਵੇ। ਇਹ ਵੀ ਸਿਫਾਰਸ਼ ਕੀਤੀ ਗਈ ਸੀ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਵੇਲੇ ਪਾਰਟੀ ਤੇ ਇਸਦੇ ਗੌਰਵਮਈ ਇਤਿਹਾਸ ਮੁਤਾਬਕ ਕਦਰਾਂ ਕੀਮਤਾਂ ਦਾ ਖਿਆਲ ਵੀ ਰੱਖਿਆ ਜਾਵੇ। ਇਸ ਵਿਚ ਨੌਜਵਾਨਾਂ ਦੀਆਂ ਇੱਛਾਵਾਂ ’ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।

ਪਾਰਟੀ ਪ੍ਰਧਾਨ ਹੁਣ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਲਈ ਸੀਨੀਅਰ ਸਾਥੀਆਂ ਦੇ ਨਾਲ ਨਾਲ ਵਰਕਰਾਂ ਤੇ ਕੇਡਰ ਨਾਲ ਰਾਇ ਮਸ਼ਵਰਾ ਕਰਨਗੇ।

ਸਰਦਾਰ ਬਾਦਲ ਵੱਖ ਵੱਖ ਪੰਜਾਬੀ ਤੇ ਪੰਥਕ ਸ਼ਖਸੀਅਤਾਂ ਖਾਸ ਤੌਰ ’ਤੇ ਬੁੱਧੀਜੀਵੀਆਂ, ਲੇਖਕਾਂ, ਧਾਰਮਿਕ ਤੇ ਸਿਆਸੀ ਬੁਲਾਰਿਆਂ, ਰਾਇ ਬਣਾਉਣ ਵਾਲਿਆਂ ਤੇ ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ, ਅਧਿਆਪਕਾਂ, ਵਪਾਰੀਆਂ, ਘਰੇਲੂ ਗ੍ਰਹਿਣੀਆਂ ਤੇ ਨੌਜਵਾਨ ਆਦਿ ਸਮੇਤ ਵੱਖ ਵੱਖ ਵਰਗਾਂ ਦੇ ਨੁਮਾਇੰਦਿਆਂ ਨਾਲ ਰਾਇ ਮਸ਼ਵਰਾ ਕਰਨਗੇ।

ਕਮੇਟੀ ਨੇ ਨੌਜਵਾਨਾਂ ਦੀਆਂ ਇੱਛਾਵਾਂ ਮੁਤਾਬਕ ਢਾਂਚਾ ਬਣਾਉਣ ਦੀ ਲੋੜ ’ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ ਤੇ ਉਹਨਾਂ ਨੂੰ ਪਾਰਟੀ ਦੇ ਨਵੇਂ ਜਥੇਬੰਦਕ ਢਾਂਚੇ ਵਿਚ ਪ੍ਰਮੁੱਖਤਾ ਨਾਲ ਪ੍ਰਤੀਨਿਧਤਾ ਦੇਣ ਦੀ ਗੱਲ ਕੀਤੀ ਹੈ।

ਬੁਲਾਰੇ ਨੇ ਕਿਹਾ ਕਿ ਪਾਰਟੀ ਦਾ ਨਵਾਂ ਜਥੇਬੰਦਕ ਢਾਂਚਾ ਤੇ ਇਸਦਾ ਅਕਸ ਨੌਜਵਾਨਾਂ ਦੀਆਂ ਇੱਛਾਵਾਂ, ਸੁਫਨਿਆਂ ਤੇ ਟੀਚਿਆਂ ਦੇ ਨਾਲ ਨਾਲ ਰਵਾਇਤੀ ਸਿਧਾਂਤਾਂ, ਕਦਰਾਂ ਕੀਮਤਾਂ ਜੋ ਸਾਨੂੰ ਪੰਥ ਤੇ ਪੰਜਾਬ ਲਈ ਬੀਤੇ ਸਮੇਂ ਵਿਚ ਸੰਘਰਸ਼ ਕਰਦਿਆਂ ਮਿਲੇ, ਦੀ ਪ੍ਰਤੀਨਿਧਤਾ ਕਰਦਾ ਹੋਵੇਗਾ। ਉਸਨੇ ਨਾਲ ਹੀ ਕਿਹਾ ਕਿ ਪੰਜਾਬ ਤੇ ਪੰਥ ਦੇ ਹਿੱਤ ਹਮੇਸ਼ਾ ਪਾਰਟੀ ਦੇ ਪੁਨਰਗਠਨ ਵੇਲੇ ਮਾਰਗ ਦਰਸ਼ਕ ਬਣੇ ਰਹਿਣਗੇ।

FacebookTwitterEmailWhatsAppTelegramShare
Exit mobile version