ਟਰਾਂਜ਼ਿਟ ਰਿਮਾਂਡ ਤੇ ਗੁਰਦਾਸਪੁਰ ਲਿਆਂਦਾ ਗਿਆ ਗੈਂਗਸਟਰ ਜੱਗੂ ਭਗਵਾਨਪੁਰੀਆ ਚੰਦੂ ਵਡਾਲਾ ਵਿੱਚ ਬਰਾਮਦ ਹੋਈ ਹੈਰੋਇਨ, ਪਿਸਤੌਲ ਮਾਮਲੇ ਵਿੱਚ ਪੁਲਿਸ ਨੂੰ ਮਿਲਿਆ 6 ਦਿਨਾਂ ਦਾ ਰਿਮਾਂਡ

ਗੁਰਦਾਸਪੁਰ, 21 ਜੁਲਾਈ (ਮੰਨਣ ਸੈਣੀ)। ਸਿੱਧੂ ਮੂਸੇਵਾਲ ਹੱਤਿਆਕਾਂਡ ਵਿੱਚ ਨਾਮਜ਼ਦ ਗੈਂਗਸਟਰ ਜੱਗੂ ਭਗਵਾਨ ਪੁਰੀਆ ਨੂੰ ਵੀਰਵਾਰ ਨੂੰ ਗੁਰਦਾਸਪੁਰ ਪੁਲਿਸ ਟਰਾਂਜ਼ਿਟ ਰਿਮਾਂਡ ਤੇ ਗੁਰਦਾਸਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਉਸ ਨੂੰ ਭਾਰਤ ਪਾਕਿਸਤਾਨ ਸਰਹੱਦ ਤੇ ਤਾਇਨਾਤ ਬੀਐੱਸਐੱਫ ਦੇ ਜਵਾਨ ਤੇ ਪਾਕਿਸਤਾਨ ਵਾਲੇ ਪਾਸਿਓਂ ਕੀਤੀ ਗਈ ਫਾਇਰਿੰਗ ਦੇ ਮਾਮਲੇ ਵਿੱਚ ਇੱਥੇ ਲਿਆਂਦਾ ਗਿਆ ਸੀ। ਇਸ ਮਾਮਲੇ ਵਿੱਚ ਕਲਾਨੌਰ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਵਿੱਚ ਵੀਰਵਾਰ ਨੂੰ ਕਲਾਨੌਰ ਦੀ ਪੁਲਿਸ ਨੂੰ ਮਾਨਯੋਗ ਅਦਾਲਤ ਵੱਲੋਂ ਜਗੂ ਭਗਵਾਨਪੁਰੀਆ ਦਾ 6 ਦਿਨਾਂ ਦੇ ਰਿਮਾਂਡ ਦਿੱਤਾ ਗਿਆ।

ਦੱਸਣਯੋਗ ਹੈ ਕਿ 28 ਜਨਵਰੀ ਨੂੰ ਭਾਰਤ ਪਾਕਿਸਤਾਨ ਸਰਹੱਦ ਤੇ ਪਾਕਿਸਤਾਨੀ ਤਸਕਰਾਂ ਨਾਲ ਹੋਈ ਗੋਲੀਬਾਰੀ ਵਿੱਚ ਬੀਐੱਸਐੱਫ ਦਾ ਇੱਕ ਜਵਾਨ ਜਖਮੀ ਹੋ ਗਿਆ ਸੀ । ਇਸ ਦੌਰਾਨ 47 ਕਿੱਲੋ ਦੇ ਕਰੀਬ ਹੈਰੋਇਨ, ਦੋ ਪਿਸਤੌਲ ਅਤੇ ਕੁਝ ਵਿਸਫੋਟਕ ਪਦਾਰਥ ਬਰਾਮਦ ਹੋਏ ਸਨ । ਇਹ ਘਟਨਾ ਤੜਕਸਾਰ 5 ਵਜੇ ਦੇ ਕਰੀਬ ਚੰਦੂ ਵਡਾਲਾ ਚੌਕੀ ਅਧੀਨ ਆਉਂਦੇ ਇਲਾਕੇ ਵਿੱਚ ਹੋਈ ਸੀ । ਇਸ ਮਾਮਲੇ ਵਿੱਚ ਹਥਿਆਰਾਂ ਦੀ ਬਰਾਮਦਗੀ ਨੂੰ ਲੈ ਕੇ ਜੱਗੂ ਭਗਵਾਨਪੁਰੀਆ ਕੋਲੋਂ ਪੁੱਛਗਿੱਛ ਕੀਤੀ ਜਾਣੀ ਹੈ ।

ਇਸ ਸੰਬੰਧੀ ਕਲਾਨੌਰ ਦੇ ਡੀਐੱਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਅਦਾਲਤ ਵਿੱਚ ਪੇਸ਼ ਕਰ ਕੇ 6 ਦਿਨ ਦਾ ਰਿਮਾਂਡ ਲਿਆ ਗਿਆ ਹੈ। ਇਸ ਤੋਂ ਪਹਿਲਾ ਜੱਗੂ ਭਗਵਾਨਪੁਰਿਆ ਦੀ ਰਿਮਾਂਡ ਬਾਬਾ ਬਕਾਲਾ ਪੁਲਿਸ ਕੋਲ ਸੀ।

ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਹੋਈ ਗੁਰਦਾਸਪੁਰ ਕੋਟ ਵਿੱਚ ਪੇਸ਼ੀ, ਇਸ ਮੌਕੇ ਤੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਭਾਰੀ ਇੰਤਜਾਮ ਕੀਤੇ ਹੋਏ ਸਨ। ਜੱਗੂ ਭਗਵਾਨਪੁਰੀਆ ਨੂੰ ਬਖਤਰਬੰਦ ਗੱਡੀ ਵਿਚ ਗੁਰਦਾਸਪੁਰ ਕੋਰਟ ਵਿੱਚ ਭਾਰੀ ਪੁਲਿਸ ਪ੍ਰਬੰਧਾ ਨਾਲ ਪੇਸ਼ ਕੀਤਾ ਗਿਆ।

FacebookTwitterEmailWhatsAppTelegramShare
Exit mobile version