ਕੈਪਟਨ ਅਮਰਿੰਦਰ ਨੇ ਜਾਖੜ ਨੂੰ ਦਿੱਤੀ ਵਧਾਈ; ਕਿਹਾ ਕਾਂਗਰਸ ਨੂੰ ਵੱਡੇ ਲੀਡਰਾਂ ਦੇ ਛੱਡਣ ਦਾ ਸਿਲਸਿਲਾ ਜਾਰੀ ਰਹੇਗਾ

ਪੰਜਾਬ ਵਿੱਚ ਕਾਂਗਰਸ ਦਾ ਹੁਣ ਮੁਕੰਮਲ ਪਤਨ ਹੋ ਚੁੱਕਾ ਹੈ – ਕੈਪਟਨ

ਚੰਡੀਗੜ੍ਹ, 19 ਮਈ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੁਨੀਲ ਜਾਖੜ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਵਧਾਈ ਦਿੰਦਿਆਂ ਕਿਹਾ ਕਿ “ਸਹੀ ਪਾਰਟੀ ਵਿੱਚ ਸਹੀ ਆਦਮੀ”। ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ, ਆਉਣ ਵਾਲੇ ਦਿਨਾਂ ਵਿੱਚ ਵੀ ਹੋਰ ਨੇਤਾਵਾਂ ਦੇ ਕਾਂਗਰਸ ਦੇ ਡੁੱਬਦੇ ਜਹਾਜ਼ ਨੂੰ ਛੱਡਣ ਦਾ ਸਿਲਸਿਲਾ ਜਾਰੀ ਰਹੇਗਾ।

ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਵਿੱਚੋਂ ਵੱਡੇ ਲੀਡਰਾਂ ਦਾ ਬਾਹਰ ਨਿਕਲਣਾ ਜਾਰੀ ਰਹੇਗਾ ਅਤੇ ਪਾਰਟੀ ਅਗਾਮੀ ਤਬਾਹੀ ਵੱਲ ਵਧ ਰਹੀ ਹੈ। “ਉਨ੍ਹਾਂ (ਸੁਨੀਲ) ਵਰਗੇ ਸੱਚੇ ਅਤੇ ਇਮਾਨਦਾਰ ਨੇਤਾ ਹੁਣ ਕਾਂਗਰਸ ਵਿੱਚ ਸਾਹ ਨਹੀਂ ਲੈ ਸਕਦੇ”, ਉਨ੍ਹਾਂ ਨੇ ਕਿਹਾ, “ਕਾਂਗਰਸ ਪਾਰਟੀ ਵਿੱਚ ਹੁਣ ਸਭ ਨੂੰ ਬਹੁਤ ਘੁੱਟਣ ਹੋਣ ਲੱਗ ਗਈ ਹੈ”।

ਸਾਬਕਾ ਮੁੱਖ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਕਾਂਗਰਸ ਪਾਰਟੀ ਇੱਕ ਗਲਤ ਫੈਸਲੇ ਕਾਰਨ ਪੰਜਾਬ ਵਿੱਚ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਹੈ। “ਮੈਂ ਮੁੱਖ ਮੰਤਰੀ ਸੀ, ਜਦੋਂ ਕਿ ਸੁਨੀਲ ਪ੍ਰਦੇਸ਼ ਕਾਂਗਰਸ ਪ੍ਰਧਾਨ ਸੀ ਅਤੇ ਇੱਕ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਸਭ ਕੁਝ ਠੀਕ ਚੱਲ ਰਿਹਾ ਸੀ ਅਤੇ ਅਸੀਂ ਪੰਜਾਬ ਵਿੱਚ ਦੁਬਾਰਾ ਸਰਕਾਰ ਬਣਾਉਣ ਜਾ ਰਹੇ ਸੀ,” ਉਨ੍ਹਾਂ ਨੇ ਅੱਗੇ ਕਿਹਾ, “ਅਤੇ ਲੀਡਰਸ਼ਿਪ ਦਾ ਇੱਕ ਗਲਤ ਫੈਸਲਾ ਪਾਰਟੀ ਲਈ ਆਤਮਘਾਤੀ ਸਿੱਧ ਹੋਇਆ ਹੈ ਅਤੇ ਪਾਰਟੀ ਹੁਣ ਦੇਸ਼ ਦੇ ਹੋਰ ਹਿੱਸਿਆਂ ਵਾਂਗ ਪੰਜਾਬ ਵਿੱਚ ਵੀ ਆਪਣੀ ਤਬਾਹੀ ਵੱਲ ਵੱਧ ਰਹੀ ਹੈ।”

FacebookTwitterEmailWhatsAppTelegramShare
Exit mobile version