ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ਅਤੇ ਸਾਂਝ ਕੇਂਦਰਾਂ ਦਾ ਸਮਾਂ ਵਧਾਇਆ, ਹੁਣ ਐਤਵਾਰ ਨੂੰ ਵੀ ਕਾਰਜਸ਼ੀਲ ਰਹਿਣਗੇ ਕੇਂਦਰ

15 ਅਪ੍ਰੈਲ ਤੋਂ ਲਾਗੂ ਹੋਵੇਗਾ ਇਹ ਲੋਕ ਪੱਖੀ ਉਪਰਾਲਾ – ਵਿਧਾਇਕ ਅਮਰਪਾਲ ਸਿੰਘ

ਬਟਾਲਾ, 8 ਅਪ੍ਰੈਲ ( ਮੰਨਣ ਸੈਣੀ ) । ਅਵਾਮ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਨੇ ਰਾਜ ਭਰ ਦੇ ਸਾਰੇ 320 ਸੇਵਾ ਕੇਂਦਰਾਂ ਅਤੇ 506 ਸਾਂਝ ਕੇਂਦਰਾਂ ਦਾ ਸਮਾਂ ਵਧਾ ਦਿੱਤਾ ਹੈ ਅਤੇ ਹੁਣ ਇਹ ਕੇਂਦਰ ਐਤਵਾਰ ਨੂੰ ਵੀ ਕਾਰਜਸ਼ੀਲ ਹੋਣਗੇ। ਇਹ ਲੋਕ ਪੱਖੀ ਫੈਸਲਾ 15 ਅਪ੍ਰੈਲ, 2022 ਨੂੰ ਲਾਗੂ ਹੋ ਜਾਵੇਗਾ।

ਇਸ ਉਪਰਾਲੇ ਨੂੰ ਲੋਕ ਪੱਖੀ ਦੱਸਦੇ ਹੋਏ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਕਿਹਾ ਕਿ ਇਹ ਕਦਮ ਲੋਕਾਂ ਨੂੰ ਸੁਚਾਰੂ ਢੰਗ ਨਾਲ ਹੋਰ ਨਾਗਰਿਕ ਕੇਂਦਰਿਤ ਸੇਵਾਵਾਂ ਸਮੇਂ ਸਿਰ ਮੁਹੱਈਆ ਕਰਵਾਉਣ ਵਿਚ ਸਹਾਈ ਹੋਵੇਗਾ।

ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਕਿਹਾ ਕਿ ਸੂਬੇ ਦੇ ਸੇਵਾ ਕੇਂਦਰਾਂ ਅਤੇ ਸਾਂਝ ਕੇਂਦਰਾਂ ਦਾ ਸਮਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦੋ ਘੰਟੇ ਵਧਾ ਦਿੱਤਾ ਗਿਆ ਅਤੇ ਇਹ ਕੇਂਦਰ ਹੁਣ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲੇ ਰਿਹਾ ਕਰਨਗੇ ਜਦਕਿ ਇਸ ਵੇਲੇ ਇਨਾਂ ਕੇਂਦਰਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਹੈ। ਸੇਵਾ ਕੇਂਦਰ ਅਤੇ ਸਾਂਝ ਕੇਂਦਰ ਹੁਣ ਹਰੇਕ ਐਤਵਾਰ ਨੂੰ ਵੀ ਕਾਰਜਸ਼ੀਲ ਹੋਣਗੇ ਅਤੇ ਸੂਬੇ ਦੇ ਨਾਗਰਿਕ ਸ਼ਨਿਚਰਵਾਰ ਅਤੇ ਐਤਵਾਰ ਨੂੰ ਵੀ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਸੇਵਾਵਾਂ ਹਾਸਲ ਕਰ ਸਕਣਗੇ।

ਦੱਸਣਯੋਗ ਹੈ ਕਿ ਸਾਰੇ ਜ਼ਿਲਾ ਹੈੱਡਕੁਆਰਟਰਜ, ਸਬ-ਡਵੀਜ਼ਨ ਅਤੇ ਪੁਲੀਸ ਥਾਣਿਆਂ ਦੇ ਪੱਧਰ ਉਤੇ ਸਾਂਝ ਕੇਂਦਰ ਹਨ ਜਦਕਿ ਸੇਵਾ ਕੇਂਦਰ ਵੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਾਰਜਸ਼ੀਲ ਹਨ।

FacebookTwitterEmailWhatsAppTelegramShare
Exit mobile version