ਪਿੰਡ ਫੁਲੱੜਾ ‘ਚ ਹੋਈ ਗੋਲੀਬਾਰੀ ਦੀ ਵੀਡੀਓ ਹੋਈ ਵਾਇਰਲ, ਪੁਲਿਸ ਮੁਲਾਜ਼ਮਾਂ ਦੀ ਮੌਕੇ ਤੇ ਮੌਜੂਦਗੀ ਨੇ ਦਿੱਤਾ ਕਈ ਸਵਾਲਾਂ ਨੂੰ ਜਨਮ

ਗੁਰਦਾਸਪੁਰ, 6 ਅਪ੍ਰੈਲ (ਮੰਨਣ ਸੈਣੀ)। ਸੋਮਵਾਰ ਸਵੇਰੇ ਥਾਣਾ ਭੈਣੀ ਮੀਆਂ ਖਾਂ ਦੇ ਪਿੰਡ ਫੁੱਲੜਾ ਵਿਖੇ ਦੋ ਗੁੱਟਾਂ ਵਿਚਾਲੇ ਹੋਈ ਆਹਮੋ-ਸਾਹਮਣੇ ਗੋਲੀਬਾਰੀ ਦੌਰਾਨ ਤਿੰਨ ਕਿਸਾਨਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਇੱਕ ਗੰਭੀਰ ਰੁਪ ਵਿੱਚ ਜਖਮੀ ਹੋ ਗਿਆ ਸੀ। ਇਸ ਘਟਨਾ ਦੀ ਗੋਲੀਬਾਰੀ ਦੀ ਲਾਈਵ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਇਸ ਵਾਇਰਲ ਵੀਡੀਓ ‘ਚ ਇਸ ਮਾਮਲੇ ਨਾਲ ਜੁੜੇ ਹੋਰ ਵੀ ਕਈ ਤੱਥ ਸਾਹਮਣੇ ਆਉਣ ਦੀ ਉਮੀਦ ਬਣ ਗਈ ਹੈ।

ਇਸ ਵਾਇਰਲ ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਵੱਡੀ ਭੀੜ ਵਾਹਨਾਂ ਦੇ ਕਾਫਲੇ ‘ਚ ਪਿੰਡ ਫੁੱਲੜਾ ਦੇ ਨੇੜੇ ਵਗਦੀ ਨਦੀ ਦੇ ਕੰਢੇ ਖੇਤਾਂ ‘ਚ ਪਹੁੰਚੀ ਸੀ ਅਤੇ ਇਸ ਵੀਡੀਓ ‘ਚ ਇਸ ਭੀੜ ‘ਚ ਪੁਲਿਸ ਦੀ ਮੌਜੂਦਗੀ ਵੀ ਦਿਖਾਈ ਦੇ ਰਹੀ ਹੈ। ਇੱਥੋਂ ਤੱਕ ਕਿ ਇੱਕ ਪੁਲਿਸ ਅਧਿਕਾਰੀ ਵੀ ਸਾਹਮਣੇ ਗੋਲੀਬਾਰੀ ਦੀ ਵੀਡੀਓ ਬਣਾਉਂਦਾ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਚਸ਼ਮਦੀਦਾਂ ਨੇ ਖੁਲਾਸਾ ਕੀਤਾ ਸੀ ਕਿ ਇਨ੍ਹਾਂ ਹਮਲਾਵਰਾਂ ਦੇ ਨਾਲ ਪੁਲਿਸ ਦਾ ਵੱਡਾ ਗਾਰਡ ਵੀ ਸੀ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਨੇ ਪਿੰਡ ਫੂਲਦਾਣਾ ਵਿੱਚ ਹਮਲਾਵਰ ਗਰੁੱਪਾਂ ਦੇ ਨਾਲ ਪੁਲਿਸ ਦੀ ਮੌਜੂਦਗੀ ਦਾ ਵੀ ਖੁਲਾਸਾ ਕੀਤਾ ਸੀ। ਇਸ ਵੀਡੀਓ ‘ਚ ਕੁਝ ਲੋਕਾਂ ਨੂੰ ਗੱਲਾਂ ਕਰਦੇ ਵੀ ਸੁਣਿਆ ਜਾ ਸਕਦਾ ਹੈ। ਪੁਲਿਸ ਦੀ ਇਸ ਵੀਡੀਓ ਵਿੱਚ ਮੌਜੂਦਗੀ ਨੇ ਕਈ ਤਰਾਂ ਦੇ ਸਵਾਲਾਂ ਨੂੰ ਜਨਮ ਦੇ ਦਿੱਤਾ ਹੈ।

ਜਿਕਰਯੋਗ ਹੈ ਕਿ ਹੁਸ਼ਿਆਰਪੁਰ ਤੋਂ ਆਏ ਇਸ ਹਮਲਾਵਰ ਗਿਰੋਹ ਨਾਲ ਪੁਲਿਸ ਦੀ ਇਸ ਵੀਡੀਓ ਵਿੱਚ ਮਿਲੀਭੁਗਤ ਹੋਣ ਕਾਰਨ ਜਿੱਥੇ ਇਲਾਕੇ ਵਿੱਚ ਕਈ ਚਰਚਾਵਾਂ ਸ਼ੁਰੂ ਹੋ ਗਈਆਂ ਹਨ ਉੱਥੇ ਹੀ ਪੀੜਤ ਪਰਿਵਾਰਾਂ ਨੇ ਪੁਲਿਸ ਪ੍ਰਸ਼ਾਸਨ ‘ਤੇ ਵੀ ਗੰਭੀਰ ਸਵਾਲ ਖੜੇ ਕੀਤੇ ਹਨ। ਹਾਲਾਂਕਿ ਇਹ ਹਾਲੇ ਤੱਕ ਕੁਝ ਵੀ ਸਾਫ਼ ਨਹੀਂ ਹੋਇਆ ਕਿ ਮੁਲਾਜ਼ਿਮ ਮੌਕੇ ਤੇ ਪਹਿਲਾ ਪਹੁੰਚੇ ਯਾਂ ਬਾਅਦ ਵਿੱਚ ਆਏ।

FacebookTwitterEmailWhatsAppTelegramShare
Exit mobile version