ਵਿਧਾਇਕ ਪਾਹੜਾ ਨੇ ਜਿੱਤ ਤੋਂ ਬਾਅਦ ਲੋਕਾਂ ਦਾ ਧੰਨਵਾਦ ਕੀਤਾ, ਦੋ ਟੁੱਕ ਚ ਗੱਲ ਖੱਤਮ ਕਰ ਵਿਰੋਧੀਆਂ ਨੂੰ ਦਿੱਤੀ ਚੇਤਾਵਨੀ ‘ਕਿਹਾ ਆਪਣੇ ਵਰਕਰਾਂ ਨਾਲ ਧੱਕਾ ਨਹੀਂ ਕਰਾਂਗਾ ਬਰਦਾਸ਼ਤ’

ਗੁਰਦਾਸਪੁਰ, 4 ਅਪ੍ਰੈਲ (ਮੰਨਣ ਸੈਣੀ)। । 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਮਿਲੀ ਜਿੱਤ ਕਾਰਨ ਹਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋ ‘ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਅਤੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਇਕ ਸਮਾਗਮ ਕਰਵਾਇਆ ਗਿਆ | ਜਿਸ ਤਹਿਤ ਸ਼ਨੀਵਾਰ ਨੂੰ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਉਪਰੰਤ ਵੱਖ-ਵੱਖ ਜੱਥੇਆ ਵੱਲੋਂ ਕੀਰਤਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਹਲਕਾ ਡੇਰਾ ਬਾਬਾ ਨਾਨਕ ਤੋਂ ਸਾਬਕਾ ਉਪ ਮੁੱਖ ਮੰਤਰੀ ਰਹੇ ਅਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਿਸ ਆਗੂ ਨਾਲ ਵਰਕਰ ਖੜ੍ਹੇ ਹੋਣ, ਉਸ ਨੂੰ ਕੋਈ ਨਹੀਂ ਹਰਾ ਸਕਦਾ। ਉਨ੍ਹਾਂ ਕਿਹਾ ਕਿ ਇਹ ਜਿੱਤ ਇਸੇ ਦਾ ਨਤੀਜਾ ਹੈ ਕਿ ਵਰਕਰ ਬਰਿੰਦਰਮੀਤ ਸਿੰਘ ਪਾਹੜਾ ਨਾਲ ਚੱਟਾਨ ਵਾਂਗ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਕਈ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਹੈ। ਪਰ ਹੁਣ ਆਪਣੇ ਵਾਅਦੇ ਪੂਰੇ ਕਰਨ ਦੀ ਬਜਾਏ ਲਗਾਤਾਰ ਸਮਾਂ ਮੰਗ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਪਾਰਟੀ ਕਹਿੰਦੀ ਹੈ ਕਿ ਉਹ ਘਰ-ਘਰ ਰਾਸ਼ਨ ਪਹੁੰਚਾਏਗੀ। ਇਸ ਵਿੱਚ ਨਵਾਂ ਕੀ ਹੈ? ਇਸ ਤੋਂ ਪਹਿਲਾਂ ਵੀ ਹਰ ਪਿੰਡ ਵਿੱਚ ਡਿੱਪੂ ਹੋਲਡਰਾਂ ਰਾਹੀਂ ਲੋਕਾਂ ਨੂੰ ਰਾਸ਼ਨ ਦੀ ਸਪਲਾਈ ਕੀਤੀ ਜਾਂਦੀ ਸੀ। ਸਰਕਾਰ ਸਾਬਤ ਕਰਨਾ ਚਾਹੁੰਦੀ ਹੈ ਕਿ ਡੀਪੂ ਹੋਲਡਰ ਲੋਕਾਂ ਦਾ ਰਾਸ਼ਨ ਖਾਂਦੇ ਸਨ।

ਰੰਧਾਵਾ ਨੇ ਕਿਹਾ ਕਿ ਲੋਕਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। 1997 ਵਿੱਚ ਅਕਾਲੀ ਭਾਜਪਾ ਗਠਜੋੜ ਨੇ 93 ਸੀਟਾਂ ਜਿੱਤੀਆਂ ਸਨ। ਇਸ ਦੇ ਬਾਵਜੂਦ 2002 ਵਿੱਚ ਕਾਂਗਰਸ ਨੇ ਮੁੜ ਸਰਕਾਰ ਬਣਾਈ। ਉਨ੍ਹਾਂ ਕਿਹਾ ਕਿ ਹੁਣ 2027 ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣੇਗੀ। ਉਨ੍ਹਾਂ ਲੋਕਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਹੁਣ ਤੋਂ ਹੀ ਤਿਆਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਅਤੇ ਤ੍ਰਿਪਤ ਬਾਜਵਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਸ਼ੀਰਵਾਦ ਸਦਕਾ ਹੀ ਜਿੱਤ ਮਿਲੀ ਹੈ।

ਤ੍ਰਿਪਤ ਬਾਜਵਾ ਨੇ ਕਿਹਾ ਕਿ ਇਹ ਜਿੱਤ ਪਹਾੜਾ ਪਰਿਵਾਰ ਦੇ ਸਾਂਝੇ ਯਤਨਾਂ ਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਧਾਇਕ ਪਾਹੜਾ ਨੂੰ ਕਿਹਾ ਕਿ ਇਸ ਜਿੱਤ ਨੂੰ ਬਰਕਰਾਰ ਰੱਖਣ ਲਈ ਏਕਤਾ ਬਣਾਈ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹਮੇਸ਼ਾ ਲੋਕਾਂ ਦੇ ਨਾਲ ਖੜ੍ਹਾ ਹੋਣਾ ਚਾਹੀਦਾ ਹੈ।

ਇਸ ਮੌਕੇ ਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਵੇਂ ਮੈਂ ਦੂਜੀ ਵਾਰ ਜਿੱਤਿਆ ਹੈ | ਪਰ ਮੈਂ ਇਸਨੂੰ ਪਹਿਲੀ ਜਿੱਤ ਮੰਨਦਾ ਹਾਂ ਕਿਉਂਕਿ ਇਸ ਵਾਰ ਲੋਕਾਂ ਨੇ ਮੇਰੇ ਕੰਮ ਕਰਕੇ ਮੈਨੂੰ ਜਿੱਤ ਦਿਵਾਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਉਨ੍ਹਾਂ ਨੇ ਨਾ ਤਾਂ ਕਿਸੇ ਵਿਅਕਤੀ ਨਾਲ ਹਲਕਾ ਜਿਹਾ ਧੱਕਾ ਕੀਤਾ ਹੈ ਅਤੇ ਨਾ ਹੀ ਹੋਣ ਦਿੱਤਾ ਹੈ। ਪਰ ਹੁਣ ਸਰਕਾਰ ਬਦਲਦੇ ਹੀ ਸ਼ਹਿਰ ਵਿੱਚ ਗੁੰਡਾਗਰਦੀ ਕਰਦੇ ਹੋਏ ਕੁਝ ਦੁਕਾਨਦਾਰਾਂ ਦੀ ਕੁੱਟਮਾਰ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਧੰਨਵਾਦੀ ਹਨ। ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਕੇ ਉਪਰੋਕਤ ਵਿਅਕਤੀਆਂ ਨੂੰ ਰੋਕਿਆ ਹੈ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਉਹ ਆਪਣੇ ਹਲਕੇ ਦੇ ਕਿਸੇ ਵੀ ਵਰਕਰ ਨੂੰ ਤੰਗ ਪ੍ਰੇਸ਼ਾਨ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਇਹ ਮੁੱਦੇ ਵਿਧਾਨ ਸਭਾ ਵਿੱਚ ਵੀ ਉਠਾਏ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ‘ਆਪ’ ਪਾਰਟੀ ‘ਚ ਵਿਸ਼ਵਾਸ ਜਤਾਉਂਦੇ ਹੋਏ ਇਸ ਨੂੰ ਸੱਤਾ ‘ਚ ਭੇਜਿਆ ਹੈ। ਇਸ ਲਈ ਉਹ ਫਿਲਹਾਲ ਪਾਰਟੀ ਨੂੰ ਸਮਾਂ ਦੇਣਾ ਚਾਹੁੰਦੇ ਹਨ। ਇਸ ਤੋਂ ਬਾਅਦ ਉਹ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਪੂਰੀ ਭੂਮਿਕਾ ਨਿਭਾਉਣਗੇ। ਇਸ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਦਰਸ਼ਨ ਮਹਾਜਨ, ਲੇਬਰ ਸੈੱਲ ਪੰਜਾਬ ਦੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ, ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹਡਾ ਸਮੇਤ ਵੱਖ-ਵੱਖ ਆਗੂ ਤੇ ਸਮਾਜ ਦੇ ਲੋਕ ਹਾਜ਼ਰ ਸਨ।

FacebookTwitterEmailWhatsAppTelegramShare
Exit mobile version