ਲੋੜਵੰਦਾਂ ਦੀ ਮਦਦ ਲਈ ਬਟਾਲਾ ਦੇ ਨੌਜਵਾਨਾਂ ਨੇ ਕੀਤੀ ਨਵੀਂ ਪਹਿਲ

‘ਦੀ ਹੈਲਪਿੰਗ ਹੈਂਡ  ਗਿਵਸ ਟੂ ਨੀਡੀ ਪਿਪਲਜ਼’ ਸੁਸਾਇਟੀ ਬਣਾ ਕੇ ਲੋੜਵੰਦਾਂ ਦੀ ਮਦਦ ਕਰਨ ਦਾ ਲਿਆ ਅਹਿਦ

ਬਟਾਲਾ, 4 ਅਪ੍ਰੈਲ ( ਮੰਨਣ ਸੈਣੀ)।ਸਮਾਜ ਸੇਵਾ ਦੇ ਖੇਤਰ ਵਿੱਚ ਬਟਾਲਾ ਦੇ ਨੌਜਵਾਨਾਂ ਨੇ ਨਵੀਂ ਪਹਿਲ ਕਰਦਿਆਂ ਗਰੀਬ ਅਤੇ ਲੋੜਵੰਦਾਂ ਲਈ ਮਦਦ ਦਾ ਹੱਥ ਵਧਾਇਆ ਹੈ। ਨੌਜਵਾਨਾਂ ਨੇ ‘ਦੀ ਹੈਲਪਿੰਗ ਹੈਂਡ  ਗਿਵਸ ਟੂ ਨੀਡੀ ਪਿਪਲਜ਼’ ਸੁਸਾਇਟੀ ਬਣਾ ਕੇ ਲੋੜਵੰਦਾਂ ਦੀ ਮਦਦ ਕਰਨ ਦਾ ਅਹਿਦ ਲਿਆ ਹੈ।

‘ਦੀ ਹੈਲਪਿੰਗ ਹੈਂਡ’ ਸੁਸਾਇਟੀ ਦੀ ਸ਼ੁਰੂਆਤ ਕਰਦਿਆਂ ਇਸਦੇ ਸੰਚਾਲਕ ਵਿਕਾਸ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਸੁਸਾਇਟੀ ਦਾ ਮਕਸਦ ਲੋੜਵੰਦ ਅਤੇ ਗਰੀਬ ਵਿਅਕਤੀਆਂ ਦੀ ਸਹਾਇਤਾ ਕਰਨ ਦਾ ਹੈ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਕੋਸ਼ਿਸ਼ ਕਰੇਗੀ ਕਿ ਹਰ ਲੋੜਵੰਦ ਨੂੰ ਮਦਦ ਉਸ ਤੱਕ ਸਿੱਧੀ ਪਹੁੰਚਾਈ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁੱਖ ਤਰਜੀਹ ਗਰੀਬਾਂ ਤੇ ਲੋੜਵੰਦਾਂ ਦੇ ਇਲਾਜ ਦੀ ਹੋਵੇਗੀ ਅਤੇ ਸਮਾਜ ਸੇਵੀਆਂ ਨੂੰ ਪ੍ਰੇਰਤ ਕੀਤਾ ਜਾਵੇਗਾ ਕਿ ਉਹ ਆਪਣੀ ਦਾਨ ਦੀ ਰਾਸ਼ੀ ਅਸਲ ਲੋੜਵੰਦਾਂ ਤੱਕ ਪਹੁੰਚਾਉਣ। ਵਿਕਾਸ ਮਹਿਤਾ ਨੇ ਦੱਸਿਆ ਕਿ ਕਿਹਾ ਕਿ ਉਨ੍ਹਾਂ ਦੀ ਟੀਮ ਸਿਵਲ ਹਸਪਤਾਲ ਬਟਾਲਾ ਵਿਖੇ ਰੋਜ਼ਾਨਾਂ ਸ਼ਾਮ 7 ਵਜੇ ਤੋਂ 9 ਵਜੇ ਤੱਕ ਵਿਜ਼ਟ ਕਰੇਗੀ ਅਤੇ ਇਸ ਦੌਰਾਨ ਉਹ ਮਰੀਜ਼ਾਂ ਨੂੰ ਮਿਲ ਕੇ ਜਿਸ ਨੂੰ ਦਵਾਈਆਂ/ਇਲਾਜ ਦੀ ਲੋੜ ਹੋਵੇਗੀ ਉਸਦੀ ਹਰ ਸੰਭਵ ਸਹਾਇਤਾ ਕਰੇਗੀ। ਉਨ੍ਹਾਂ ਕਿਹਾ ਕਿ ਸੁਸਾਇਟੀ ਜਿਥੇ ਖੁਦ ਲੋੜਵੰਦਾਂ ਦੀ ਮਦਦ ਕਰੇਗੀ ਓਥੇ ਦਾਨੀ ਸੱਜਣਾਂ ਨੂੰ ਵੀ ਲੋੜਵੰਦਾਂ ਦੀ ਮਦਦ ਲਈ ਵੀ ਪ੍ਰੇਰਿਤ ਕਰੇਗੀ ਤਾਂ ਜੋ ਉਨ੍ਹਾਂ ਦੀ ਦਾਨ ਦੀ ਰਾਸ਼ੀ ਅਸਲ ਲੋੜਵੰਦਾਂ ਤੱਕ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਕੋਈ ਵੀ ਲੋੜਵੰਦ ਤੇ ਦਾਨੀ ਸੱਜਣ ਉਨ੍ਹਾਂ ਨਾਲ 83606-61955 ਨੰਬਰ ’ਤੇ ਸੰਪਰਕ ਕਰ ਸਕਦਾ ਹੈ।

ਇਸ ਮੌਕੇ ਸੁਸਾਇਟੀ ਦੇ ਮੈਂਬਰ ਅਨੁਰਾਗ ਮਹਿਤਾ ਨੇ ਕਿਹਾ ਕਿ ਸੰਸਥਾ ਦਾ ਮਕਸਦ ਕੇਵਲ ਤੇ ਕੇਵਲ ਲੋਕ ਸੇਵਾ ਹੈ ਅਤੇ ਉਨ੍ਹਾਂ ਦੀ ਇਹ ਪੂਰੀ ਕੋਸ਼ਿਸ਼ ਰਹੇਗੀ ਕਿ ਹਰ ਲੋੜਵੰਦ ਤੱਕ ਮਦਦ ਦਾ ਹੱਥ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਗਰੀਬ ਤੇ ਲੋੜਵੰਦ ਦੀ ਸੇਵਾ ਸਭ ਤੋਂ ਉੱਤਮ ਕਾਰਜ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਸਮਾਜ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ।  

ਇਸ ਮੌਕੇ ਬਟਾਲਾ ਦੇ ਮੋਹਤਬਰ ਵਿਅਕਤੀਆਂ ਨੇ ਨੌਜਵਾਨਾਂ ਦੀ ਇਸ ਪਹਿਲ ਅਤੇ ਸਮਾਜ ਸੇਵੀ ਕੰਮ ਦੀ ਸਰਾਹਨਾ ਕੀਤੀ ਹੈ ਅਤੇ ਉਨ੍ਹਾਂ ਨੂੰ ਇਸ ਨੇਕ ਕਾਰਜ ਵਿਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ‘ਦੀ ਹੈਲਪਿੰਗ ਹੈਂਡ  ਗਿਵਸ ਟੂ ਨੀਡੀ ਪਿਪਲਜ਼’ ਸੁਸਾਇਟੀ ਦੀ ਸ਼ੁਰੂਆਤ ਕਰਨ ਮੌਕੇ ਵਿਕਾਸ ਮਹਿਤਾ, ਅਮਿਤ ਮਹਿਤਾ, ਅੰਕੁਸ਼ ਮਹਿਤਾ, ਪ੍ਰੋ. ਜਸਬੀਰ ਸਿੰਘ, ਸ਼ੰਮੀ ਕਪੂਰ, ਅਨੁਰਾਗ ਮਹਿਤਾ, ਨਿਤਿਨ ਵਿੱਗ, ਗਗਨਦੀਪ, ਅਮਨਦੀਪ, ਰੋਹਿਤ ਕੁਮਾਰ, ਅਮਿਤ ਸ਼ਰਮਾਂ, ਸ਼ਿਵਾ, ਰਾਜਨ ਸੰਗਰ, ਚੰਦਨ ਭੰਡਾਰੀ, ਰਘੂ, ਤਨਿਸ਼ ਮਹਿਤਾ ਸਮੇਤ ਹੋਰ ਵੀ ਨੌਜਵਾਨ ਹਾਜ਼ਰ ਸਨ।

FacebookTwitterEmailWhatsAppTelegramShare
Exit mobile version