ਸਮੇਂ ਦੇ ਆਗੂਆਂ ਨੇ ਰਾਵੀ ਅਤੇ ਊਝ ਦਰਿਆਵਾਂ ਦੇ ਪਾਰਲੇ ਸਰਹੱਦੀ ਪਿੰਡਾਂ ਨੂੰ ਕੀਤਾ ਨਜ਼ਰਅੰਦਾਜ਼ – ਸੁਲਤਾਨੀ

ਮੰਗਾਂ ਮੰਨਵਾਉਣ ਲਈ 29 ਮਾਰਚ ਨੂੰ ਰਾਵੀ ਦਰਿਆ ਪਾਰ ਦੇ ਪਿੰਡਾਂ ਦੀ ਬੈਠਕ ਤੋਂ ਬਾਅਦ ਲਿਆ ਜਾਵੇਗਾ ਫੈਸਲਾ

ਗੁਰਦਾਸਪੁਰ, 26 ਮਾਰਚ (ਮੰਨਣ ਸੈਣੀ)। ਰਾਵੀ ਦਰਿਆ ਦੇ ਪਾਰ ਰਾਜਪੁਰ ਚਿੱਬ ਵਿਖੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੀ ਮੀਟਿੰਗ ਹੋਈ | ਮੀਟਿੰਗ ਵਿੱਚ ਅਮਰੀਕ ਸਿੰਘ ਭੜਿਆਲ, ਨਿਰਮਲ ਸਿੰਘ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਮਹਿੰਦਰ ਸਿੰਘ ਤੂਰ, ਵਿਪਨ ਕੁਮਾਰ ਲਾਲੀਆਂ, ਜਸਵੀਰ ਸਿੰਘ, ਮਹਿੰਦਰ ਸਿੰਘ, ਸ਼ਿੰਗਾਰਾ ਸਿੰਘ ਆਦਿ ਕਿਸਾਨਾਂ ਨੇ ਸ਼ਮੂਲੀਅਤ ਕੀਤੀ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਤਬੀਰ ਸਿੰਘ ਸੁਲਤਾਨੀ, ਤਰਲੋਕ ਸਿੰਘ ਬਹਿਰਾਮਪੁਰ ਅਤੇ ਅਮਰੀਕ ਸਿੰਘ ਭੜਿਆਲ ਨੇ ਕਿਹਾ ਕਿ ਕੇਂਦਰ, ਪੰਜਾਬ ਅਤੇ ਹਲਕਾ ਦੀਨਾਨਗਰ ਅਤੇ ਭੋਆ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦਾ ਰਾਜਭਾਗ ਹੋਣ ਦੇ ਬਾਵਜੂਦ ਰਾਵੀ ਅਤੇ ਊਝ ਦਰਿਆ ਤੋਂ ਪਾਰ ਸਰਹੱਦੀ ਪਿੰਡਾਂ ਨੂੰ ਸਮਿਆਂ ਦੇ ਆਗੂਆ ਅਤੇ ਸਰਕਾਰਾਂ ਵੱਲੋ ਹਮੇਸ਼ਾ ਅਣਗੌਲਿਆ ਕੀਤਾ ਹੈ। ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਪਾਰਟੀਆਂ ਆਉਂਦੀਆਂ-ਜਾਂਦੀਆਂ ਹੀ ਰਹਿੰਦੀਆਂ ਹਨ ਪਰ ਹਰ ਵਾਰ ਸੱਤਾ ’ਤੇ ਕਾਬਜ਼ ਹੋਣ ਮਗਰੋਂ ਸਿਆਸੀ ਪਾਰਟੀਆਂ ਇਨ੍ਹਾਂ ਦੀ ਪ੍ਰਵਾਹ ਨਹੀਂ ਕਰਦੀਆਂ। ਜਿਸ ਕਾਰਨ ਇਸ ਵਾਰ ਵਿਧਾਨ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਦੇ ਝੂਠੇ ਵਾਅਦਿਆਂ ਕਾਰਨ ਵੋਟਾਂ ਦਾ ਬਾਈਕਾਟ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਅਸੀਂ ਇਕਜੁੱਟ ਹੋ ਕੇ ਸੰਘਰਸ਼ ਕਰਾਂਗੇ ਅਤੇ ਮੰਗਾਂ ਮੰਨਵਾਵਾਂਗੇ।

ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਲਾਕੇ ਦੀਆਂ ਮੁੱਖ ਮੰਗਾਂ ਨੂੰ ਉਜਾਗਰ ਕਰਨ ਲਈ 29 ਮਾਰਚ ਨੂੰ ਪਿੰਡ ਤੂਰ-ਚਿਬੇ ਵਿੱਚ ਕਿਸਾਨ ਕਾਨਫਰੰਸ ਕੀਤੀ ਜਾਵੇਗੀ। ਜਿਸ ਵਿੱਚ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਰਾਵੀ ਦਰਿਆ ਦੇ ਪਾਰਲੇ ਪਿੰਡਾਂ ਨੂੰ ਜੋੜਨ ਲਈ ਮਕੋੜਾ ਬੰਦਰਗਾਹ ’ਤੇ ਪੱਕਾ ਪੁਲ ਬਣਾਇਆ ਜਾਵੇ। ਕੰਡਿਆਲੀ ਤਾਰ ਪਾਰ ਕਰਨ ਵਾਲੇ ਕਿਸਾਨਾਂ ਦੀ ਸੂਰਤ ਵਿੱਚ ਮੁਆਵਜ਼ੇ ਦੀ ਰਾਸ਼ੀ ਤੁਰੰਤ ਅਦਾ ਕੀਤੀ ਜਾਵੇ।

FacebookTwitterEmailWhatsAppTelegramShare
Exit mobile version