ਬਟਾਲਾ ਪੁਲਿਸ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ 

ਔਰਤਾਂ ਨੇ ਹਰ ਖੇਤਰ ਵਿੱਚ ਆਪਣੀ ਸਫਲਤਾ ਦੇ ਉੱਚੇ ਮੁਕਾਮ ਹਾਸਲ ਕੀਤੇੇ – ਐੱਸ.ਐੱਸ.ਪੀ. ਬਟਾਲਾ

ਬਟਾਲਾ, 8 ਮਾਰਚ (ਮੰਨਣ ਸੈਣੀ) । ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਬਟਾਲਾ ਪੁਲਿਸ ਵੱਲੋਂ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਨ ਦੇ ਨਾਲ ਪੁਲਿਸ ਦੀਆਂ ਮਹਿਲਾ ਕਰਮਚਾਰਨਾਂ ਲਈ ਮੈਡੀਕਲ ਕੈਂਪ ਲਗਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਐੱਸ.ਐੱਸ.ਪੀ. ਬਟਾਲਾ ਸ਼੍ਰੀ ਗੌਰਵ ਤੂਰਾ ਨੇ ਕੀਤੀ।

ਮਹਿਲਾ ਪੁਲਿਸ ਅਧਿਕਾਰੀਆਂ ਅਤੇ ਕਰਮਚਾਰਨਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੰਦਿਆਂ ਐੱਸ.ਐੱਸ.ਪੀ. ਬਟਾਲਾ ਸ਼੍ਰੀ ਗੌਰਵ ਤੂਰਾ ਨੇ ਕਿਹਾ ਕਿ ਮਹਿਲਾਵਾਂ ਨੇ ਆਪਣੀ ਯੋਗਤਾ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਤਰਾਂ ਪੁਰਸਾਂ ਨਾਲੋਂ ਘੱਟ ਨਹੀਂ ਹਨ। ਉਨਾਂ ਕਿਹਾ ਕਿ ਕੋਈ ਵੀ ਖੇਤਰ ਲੈ ਲਵੋ ਤੁਹਾਨੂੰ ਹਰ ਜਗਾ ਮੂਹਰਲੀ ਕਤਾਰ ਵਿੱਚ ਔਰਤਾਂ ਦਿਖਾਈ ਦੇਣਗੀਆਂ ਅਤੇ ਔਰਤਾਂ ਨੇ ਹਰ ਖੇਤਰ ਵਿੱਚ ਆਪਣੀ ਸਫਲਤਾ ਦੇ ਨਾਲ ਉੱਚੇ ਮੁਕਾਮ ਹਾਸਲ ਕੀਤੇ।

ਉਨਾਂ ਕਿਹਾ ਕਿ ਪੁਲਿਸ ਵਿਭਾਗ ਵਿੱਚ ਵੀ ਔਰਤਾਂ ਦਾ ਯੋਗਦਾਨ ਬਹੁਤ ਅਹਿਮ ਹੈ ਅਤੇ ਇਸ ਚਣੌਤੀ ਭਰੇ ਪੇਸ਼ੇ ਵਿੱਚ ਔਰਤਾਂ ਹੇਠਲੇ ਪੱਧਰ ਤੋਂ ਵੱਡੇ ਆਹੁਦੇ ਤੇ ਸੇਵਾਵਾਂ ਨਿਭਾ ਰਹੀਆਂ ਹਨ। ਉਨਾਂ ਕਿਹਾ ਕਿ  ਬਟਾਲਾ ਪੁਲਿਸ ਜ਼ਿਲੇ ਦੀਆਂ ਸਮੂਹ ਔਰਤਾਂ ਦੇ ਹੱਕਾਂ ਦੀ ਰਾਖੀ ਅਤੇ ਉਨਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸਮੇਂ ਸੇਵਾ ਵਿੱਚ ਹਾਜ਼ਰ ਹੈ। ਉਨਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਔਰਤਾਂ ਦੀ ਸਹਾਇਤਾ ਲਈ ਵਿਸ਼ੇਸ਼ ਡੈਸਕ ਸਥਾਪਤ ਕੀਤੇ ਗਏ ਹਨ ਅਤੇ ਵਿਭਾਗ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਔਰਤਾਂ ਨਾਲ ਸਬੰਧਤ ਸ਼ਿਕਾਇਤਾਂ ਦਾ ਨਿਬੇੜਾ ਪਹਿਲ ਦੇ ਅਧਾਰ ’ਤੇ ਕੀਤਾ ਜਾਵੇ। 

ਇਸ ਤੋਂ ਪਹਿਲਾਂ ਡੀ.ਐੱਸ.ਪੀ. ਮੈਡਮ ਪਰਵਿੰਦਰ ਕੌਰ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਉਨਾਂ ਕਿਹਾ ਕਿ ਪੁਲਿਸ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੀਆਂ ਸਮੂਹ ਮਹਿਲਾ ਅਧਿਕਾਰੀਆਂ ਅਤੇ ਕਰਮਚਾਰਨਾਂ ਦੀ ਇਹ ਹੋਰ ਵੀ ਜਿੰਮੇਵਾਰੀ ਵੱਧ ਜਾਂਦੀ ਹੈ ਕਿ ਉਹ ਔਰਤਾਂ ਨੂੰ ਇਨਸਾਫ਼ ਦਿਵਾਉਣ ਅਤੇ ਔਰਤਾਂ ’ਤੇ ਹੁੰਦੇ ਜ਼ੁਲਮਾਂ ਨੂੰ ਰੋਕਣ ਲਈ ਇੱਕ ਢਾਲ ਵਜੋਂ ਕੰਮ ਕਰਨ। 

ਇਸ ਮੌਕੇ ਪੁਲਿਸ ਲਾਈਨ ਬਟਾਲਾ ਵਿਖੇ ਸਿਹਤ ਵਿਭਾਗ  ਦੇ ਸਹਿਯੋਗ ਨਾਲ ਮਹਿਲਾ ਪੁਲਿਸ ਮੁਲਾਜ਼ਮਾਂ ਲਈ ਇੱਕ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮਹਿਲਾ ਪੁਲਿਸ ਮੁਲਾਜ਼ਮਾਂ ਦਾ ਡਾਕਟਰੀ ਮੁਆਇਨਾ ਕੀਤਾ ਗਿਆ ਅਤੇ ਉਨਾਂ ਨੂੰ ਦਵਾਈਆਂ ਦਿੱਤੀਆਂ। ਇਸ ਮੌਕੇ ਪੁਲਿਸ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੀਆਂ ਮਹਿਲਾਵਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। 
ਇਸ ਮੌਕੇ ਐੱਸ.ਪੀ. ਹੈੱਡ-ਕੁਆਟਰ ਸ. ਗੁਰਪ੍ਰੀਤ ਸਿੰਘ ਗਿੱਲ, ਐਡਵੋਕੇਟ ਰਜਿੰਦਰ ਪਦਮ, ਮਾਸਟਰ ਜੋਗਿੰਦਰ ਸਿੰਘ ਅਚਲੀ ਗੇਟ ਬਟਾਲਾ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।

FacebookTwitterEmailWhatsAppTelegramShare
Exit mobile version