ਕਾਂਗਰਸ ਮੁੱਖ ਮੰਤਰੀ ਬਦਲ ਕੇ ਆਪਣੇ ਝੂਠ ਲੁਕਾਉਣ ਦੀ ਕਰ ਰਹੀ ਕੋਸ਼ਿਸ਼– ਬੱਬੇਹਾਲੀ

ਗੁਰਦਾਸਪੁਰ, 7 ਦਿਸੰਬਰ (ਮੰਨਣ ਸੈਣੀ)। ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਵੱਲੋਂ ਆਪਣੇ ਪਿੰਡ ਤੋਂ ਸ਼ੁਰੂ ਕੀਤੀ ਗਈ ਚੋਣ ਮੁਹਿੰਮ ਤੋਂ ਬਾਅਦ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦੇ ਹੋਏ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਲੜੀ ਹੇਠ ਪਿੰਡ ਭੁੱਲੇਚੱਕ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਬੱਬੇਹਾਲੀ ਨੇ ਕਿਹਾ ਕਿ ਚੋਣ ਜਾਬਤਾ ਲੱਗਣ ਤੋਂ ਬਾਅਦ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ।

ਬੱਬੇਹਾਲੀ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਆਪਣੀ ਚੋਣ ਮੁਹਿੰਮ ਦਾ ਆਗਾਜ ਕਰ ਦਿੱਤਾ ਗਿਆ ਹੈ। ਜਿਸਦੇ ਤਹਿਤ ਪਿੰਡਾਂ ਵਿਚ ਜਾ ਕੇ ਲੋਕਾਂ ਨੇ ਕਾਂਗਰਸ ਦੇ ਝੂਠੇ ਵਾਅਦਿਆਂ ਤੋਂ ਜਾਣੂੰ ਕਰਵਾਇਆ ਜਾ ਰਿਹਾ ਹੈ। ਬੱਬੇਹਾਲੀ ਨੇ ਕਿਹਾ ਕਿ ਕਾਂਗਰਸ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਤਾਂ ਹਾਸਲ ਕਰ ਲਈ ਪਰ ਪੰਜ ਸਾਲਾਂ ਵਿਚ ਲੋਕਾਂ ਨੂੰ ਕੋਈ ਸੁਵਿਧਾ ਨਹੀਂ ਦਿੱਤੀ ਗਈ। ਕਾਂਗਰਸ ਪੰਜਾਬ ਵਿਚ ਮੁੱਖ ਮੰਤਰੀ ਬਦਲ ਕੇ ਆਪਣੇ ਝੂਠ ਨੂੰ ਛੁਪਾਉਣਾ ਚਾਹੁੰਦੀ ਹੈ। ਪਰ ਹੁਣ ਲੋਕ ਕਾਂਗਰਸ ਦੇ ਝੂਠ ਨੂੰ ਜਾਣ ਚੁੱਕੇ ਹਨ। ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਲੀਡਰ ਵੀ ਫਾਰਮ ਭਰ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਗੁੰਮਰਾਹ ਨਾ ਹੋਣ ਦੀ ਅਪੀਲ ਕੀਤੀ।

ਬੱਬੇਹਾਲੀ ਨੇ ਕਿਹਾ ਕਿ ਚੋਣ ਮੀਟਿੰਗਾਂ ਵਿਚ ਲੋਕਾਂ ਦਾ ਭਾਰੀ ਸਮਰਥਨ ਦੇਖਣ ਨੂੰ ਮਿਲਦਾ ਹੈ। ਲੋਕ ਆਪ ਮੁਹਾਰੇ ਹੋਕੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਆਉਣ ਲਈ ਉਤਾਵਲੇ ਹਨ। ਬੱਬੇਹਾਲੀ ਨੇ ਕਿਹਾ ਕਿ ਜਦੋਂ ਵੀ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣੀ ਹੈ ਹਰ ਵਰਗ ਨੂੰ ਸੁਵਿਧਾ ਦਿੱਤੀਆਂ ਗਈਆਂ ਹਨ। ਹੁਣ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਰ ਵਰਗ ਦੀ ਭਲਾਈ ਲਈ ਕਈ ਸਕੀਮਾਂ ਬਣਾਈਆਂ ਗਈਆਂ ਹਨ। ਅਕਾਲੀ ਦਲ ਦੀ ਸਰਕਾਰ ਆੳੁਣ ਤੇ ਉਨ੍ਹਾਂ ਸਾਰੀਆਂ ਸਕੀਮਾਂ ਨੂੰ ਲਾਗੂ ਕਰਕੇ ਲੋਕਾਂ ਨੂੰ ਭਾਰੀ ਰਾਹਤ ਦਿੱਤੀ ਜਾਏਗੀ। ਇਸ ਮੌਕੇ ਤੇ ਸਾਬਕਾ ਸਰਪੰਚ ਜੁਗਿੰਦਰ ਸਿੰਘ, ਹਰਦੇਵ ਸਿੰਘ, ਮੁਖਤਿਆਰ ਚੰਦ, ਸਾਬਕਾ ਸਰਪੰਚ ਸ਼ੀਤਲ ਕੌਰ, ਰੋਮੀ, ਫੌਜਾ ਸਿੰਘ, ਤੀਰਥ ਸਿੰਘ ਅਤੇ ਗੋਲਡੀ ਹਾਜਰ ਸਨ।

Exit mobile version