ਮਾਝੇ ਦੀ ਧਰਤੀ ਤੋਂ ਹੀ 2022 ਚ ਕਾਂਗਰਸ ਦੀ ਜਿੱਤ ਦਾ ਹੋਵੇਗਾ ਆਗਾਜ਼- ਨਵਜੋਤ ਸਿੰਘ ਸਿੱਧੂ

ਵਿਧਾਇਕ ਫਤਿਹਜੰਗ ਸਿੰਘ ਬਾਜਵਾ ਵੱਲੋਂ ਰਖਵਾਈ ਰੈਲੀ ਵਿਚ ਸਿੱਧੂ ਵੱਲੋਂ ਅਕਾਲੀਆਂ ਨਾਲੋਂ ਕੇਜਰੀਵਾਲ ਨੂੰ ਲਗਾਏ ਵੱਧ ਰਗੜੇ ਪੰਜਾਬ ਚ ਕਿਸਾਨੀ ਅਤੇ ਜਵਾਨੀ ਨੂੰ ਸੰਭਾਲਣ ਦਾ ਸਿੱਧੂ ਨੇ ਦਿੱਤਾ ਵਾਅਦਾ

ਕਾਹਨੂੰਵਾਨ (ਗੁਰਦਾਸਪੁਰ), 2 ਦਿਸੰਬਰ (ਕੁਲਦੀਪ ਜਾਫਲਪੁਰ)। ਪੰਜਾਬ ਦੀਆਂ ਚੋਣਾਂ ਦਾ ਭਾਵੇਂ ਐਲਾਨ ਹੋਣਾ ਬਾਕੀ ਹੈ ਪਰ ਕਾਂਗਰਸ ਪਾਰਟੀ ਵੱਲੋਂ ਗਾਹੇ ਬਗਾਹੇ ਆਪਣਾ ਚੋਣ ਪ੍ਰਚਾਰ  ਅਤੇ ਚੋਣ ਰੈਲੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਮਾਝੇ ਦੀ ਧਰਤੀ ਉੱਤੇ ਹਲਕਾ ਕਾਦੀਆਂ ਚ ਦਾਣਾ ਮੰਡੀ ਕਾਹਨੂੰਵਾਨ ਵਿੱਚ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਇੱਕ ਵੱਡੀ ਚੋਣ ਰੈਲੀ ਦਾ ਆਗਾਜ਼ ਕੀਤਾ।

ਇਸ ਰੈਲੀ ਦੀ ਪ੍ਰਧਾਨਗੀ  ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੀਤੀ ਲਗਪਗ ਸਵਾ ਇਕ ਵਜੇ ਪਹੁੰਚ ਕੇ ਕੀਤੀ।ਪੰਡਾਲ ਵਿੱਚ ਪਹੁੰਚੇ ਸਿੱਧੂ ਦਾ ਲੋਕਾਂ ਨੇ ਤਾੜੀਆਂ ਅਤੇ ਜੈਕਾਰਿਆਂ ਦੀ ਗੂੰਜ ਨਾਲ ਸਵਾਗਤ ਕੀਤਾ ਗਿਆ।

ਇਸ ਮੌਕੇ ਬੋਲਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਿਸਾਨੀ ਅਤੇ ਨੌਜਵਾਨੀ ਨੂੰ ਬਚਾਉਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਜੇਕਰ  ਪਰਮਾਤਮਾ ਨੇ ਉਨ੍ਹਾਂ ਨੂੰ ਤਾਕਤ ਬਖ਼ਸ਼ੀ ਦਾ ਉਹ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਕਿਸਾਨੀ ਨੂੰ ਕੋਆਪ੍ਰੇਟਿਵ ਸਿਸਟਮ ਅਧੀਨ ਲਿਆ ਕੇ ਸਮੁੱਚਾ ਕਿਸਾਨ ਵਰਗ  ਨੂੰ ਕਾਰਪੋਰੇਟ ਘਰਾਣਿਆਂ ਦੇ ਜੰਜਾਲ ਤੋਂ ਮੁਕਤ ਕਰਾਉਣਗੇ। ਇਸ ਮੌਕੇ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਰਵਾਇਤੀ ਵਿਰੋਧੀਆਂ ਅਕਾਲੀਆਂ ਦੇ ਨਾਲੋਂ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਉੱਤੇ  ਸਿਆਸੀ ਤੌਰ ਤੇ ਜ਼ਿਆਦਾ ਵਰ੍ਹੇ। ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਕੇਜਰੀਵਾਲ ਪੰਜਾਬ ਵੱਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ਇੱਕ ਵੀ ਧੀ ਭੈਣ ਨੂੰ ਦਿੱਲੀ ਵਿੱਚ ਪੈਨਸ਼ਨ ਦੀ ਸਹੂਲਤ ਨਹੀਂ ਦਿੱਤੀ ਹੈ।ਪਰ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦੇ ਸਬਜ਼ਬਾਗ ਦਿਖਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਪ੍ਰਦੂਸ਼ਣ ਦੇ ਮਾਮਲੇ ਵਿੱਚ ਕੇਜਰੀਵਾਲ ਵੱਲੋਂ ਸਮੁੱਚੇ ਦੇਸ਼ ਨੂੰ ਅਤੇ ਅਦਾਲਤਾਂ ਨੂੰ ਗੁੰਮਰਾਹ ਕੀਤਾ ਗਿਆ ਹੈ। ਉਨ੍ਹਾਂ ਨੂੰ ਕਿਹਾ ਕਿ  ਸ਼ੀਲਾ ਦੀਕਸ਼ਿਤ ਦੀ ਸਰਕਾਰ ਵੇਲੇ ਦਿੱਲੀ ਵਿੱਚ 6 ਹਜ਼ਾਰ ਤੋਂ ਵੱਧ ਡੀ ਟੀ ਸੀ ਦੀਆਂ ਬੱਸਾਂ ਸਨ ਜੋ ਕਿ ਤਿੱਨ ਹਜ਼ਾਰ ਤੋਂ ਵੀ ਘੱਟ ਰਹਿ ਗਈਆਂ ਹਨ  ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਦੇ ਰਾਜਕਾਲ ਵਿੱਚ ਮੈਟਰੋ ਦਾ ਵੀ ਕੋਈ ਵਿਕਾਸ ਨਹੀਂ ਹੋ ਸਕਿਆ।ਉਨ੍ਹਾਂ ਨੇ ਕਿਹਾ ਕਿ ਜੇਕਰ ਗੁਰੂ ਮਾਹਰਾਜ ਉਨ੍ਹਾਂ ਨੂੰ ਤਾਕਤ ਦਿੰਦੇ ਹਨ ਤਾਂ ਪੰਜਾਬ ਵਿਚ ਕਿਸਾਨੀ ਅਤੇ ਜਵਾਨੀ ਨੂੰ ਬਚਾਉਣ ਦਾ ਯਤਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਕੋਆਪਰੇਟਿਵ ਸਿਸਟਮ ਰਾਹੀਂ ਕਿਸਾਨੀ ਨੂੰ ਉੱਨਤ ਕੀਤਾ ਜਾਵੇਗਾ। ਭਾਰਤ ਦੇ ਨਾਲ ਨਾਲ ਨੌਜਵਾਨਾਂ ਨੂੰ ਵੱਡੇ ਪੱਧਰ ਉਤੇ ਰੁਜ਼ਗਾਰ ਦਿੱਤਾ ਜਾਵੇਗਾ।

ਇਸ ਇਕੱਠ ਨੂੰ ਸੰਬੋਧਨ ਕਰਦਿਆਂ ਐੱਮ ਪੀ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਠਾਠਾਂ ਮਾਰਦਾ ਇਕੱਠ ਪੰਜਾਬ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਦਾ ਸਬੂਤ ਹੈ।ਇਸ ਮੌਕੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੀ ਚੌਥੀ ਪੀੜ੍ਹੀ ਕਾਂਗਰਸ ਦੇ ਨਾਲ ਜੁੜੀ ਹੋਈ ਹੈ ਉਨ੍ਹਾਂ ਨੇ ਕਿਹਾ ਕਿ ਹਲਕਾ ਕਾਹਨੂੰਵਾਨ ਅਤੇ ਕਾਦੀਆਂ ਵਿੱਚੋਂ ਹਮੇਸ਼ਾ ਹੀ ਕਾਂਗਰਸ ਦੇ ਲੋਕਾਂ ਵੱਲੋਂ ਬਾਜਵਾ ਪਰਿਵਾਰ ਨੂੰ ਵੱਡੀਆਂ ਜਿੱਤਾਂ ਅਤੇ ਵੱਡਾ ਮਾਣ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਆਉਣ ਨਾਲ ਹਲਕੇ ਵਿਚ ਕਾਂਗਰਸ ਪਾਰਟੀ ਦਾ ਹੋਰ ਮਨੋਬਲ ਵਧਿਆ ਹੈ।ਇਸ ਇਕੱਠ ਨੂੰ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਵਿਧਾਇਕ ਬਲਵਿੰਦਰ ਸਿੰਘ ਲਾਡੀ, ਵਿਧਾਇਕ ਸੰਤੋਖ ਸਿੰਘ  ਭਲਾਈਪੁਰ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਤੇ ਪਹੁੰਚਦੇ ਸਾਰ ਹੀ ਕਾਂਗਰਸ ਪਾਰਟੀ ਦੇ ਸਾਰੇ ਵਿਧਾਇਕਾਂ ਅਤੇ ਹੋਰ ਸੀਨੀਅਰ ਲੀਡਰਸ਼ਿਪ ਨੇ ਨਵਜੋਤ ਸਿੱਧੂ ਨਾਲ ਖਡ਼੍ਹੇ ਹੋ ਕੇ ਏਕਤਾ ਦਾ  ਸਬੂਤ ਦਿੱਤਾ। ਇਸ ਮੌਕੇ ਸਟੇਜ ਦੇ ਫ਼ਰਜ਼ ਐਸਐਸ ਬੋਰਡ ਦੇ ਮੈਂਬਰ ਭੁਪਿੰਦਰਪਾਲ ਸਿੰਘ ਵਿੱਟੀ ਨੇ ਨਿਭਾਏ। ਇਸ ਤੋਂ ਇਲਾਵਾ ਪਹੁੰਚੇ ਹੋਏ ਲੋਕਾਂ ਦਾ  ਫ਼ਿਰੋਜ਼ ਖ਼ਾਨ ਐਂਡ ਮਿਊਜ਼ਿਕ ਪਾਰਟੀ ਨੇ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਸਟੇਜ ਉੱਪਰ ਜਾਟ ਮਹਾਂ ਸਭਾ ਦੇ ਹਰਪਾਲ ਸਿੰਘ ਹਰਪੁਰਾ ਨੇ ਨਵਜੋਤ ਸਿੰਘ ਸਿੱਧੂ ਉਨ੍ਹਾਂ ਸ੍ਰੀ ਸਾਹਿਬ ਅਤੇ ਦੁਸ਼ਾਲਾ ਦੇ ਕੇ ਸਨਮਾਨਤ ਵੀ ਕੀਤਾ। ਇਸ ਮੌਕੇ ਸਟੇਜ ਉੱਪਰ ਸਾਬਕਾ ਮੰਤ੍ਰੁ ਸੁਸ਼ੀਲਾ ਮਹਾਜਨ, ਮਨੋਹਰ ਲਾਲ ਸੁਰੀਲਾ ਸਾਬਕਾ  ਮੰਤਰੀ ਰਮਨ ਭੱਲਾ ਪੰਜਾਬ ਯੂਥ ਕਾਂਗਰਸ ਦੇ ਆਗੂ ਕੰਵਰ ਪ੍ਰਤਾਪ ਸਿੰਘ ਬਾਜਵਾ,ਅਰਜਨ ਪ੍ਰਤਾਪ ਸਿੰਘ ਬਾਜਵਾ,ਬਲਵਿੰਦਰ ਸਿੰਘ ਭਿੰਦਾ,ਸਾਬਕਾ ਸੂਬਾ ਡੈਲੀਗੇਟ ਸੁਖਦੇਵ ਸਿੰਘ ਹੈਪੀ ਬਲਾਕ ਪ੍ਰਧਾਨ  ਸੁਖਪ੍ਰੀਤ ਸਿੰਘ ਰਿਆੜ ਸਰਪੰਚ ਸੁਖਦੇਵ ਸਿੰਘ ਛਿਛਰਾ ਸਰਪੰਚ ਭਗਵੰਤ ਸਿੰਘ ਬਾਜਵਾ ਸਰਪੰਚ ਆਫ਼ਤਾਬ ਸਿੰਘ ਸਰਪੰਚ ਹਰਬੰਸ ਸਿੰਘ ਵੜੈਚ,ਚੇਅਰਮੈਨ ਅੰਗਰੇਜ਼ ਸਿੰਘ ਵਿਠਵਾਂ ਪੀ ਏ ਦਲਜੀਤ ਸਿੰਘ  ਮਾਸਟਰ ਰਘਬੀਰ ਸਿੰਘ  ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਦਰਜਾ ਬ ਦਰਜਾ ਕਾਂਗਰਸੀ ਆਗੂ ਹਾਜ਼ਰ ਸਨ।

FacebookTwitterEmailWhatsAppTelegramShare
Exit mobile version