ਸਰਕਾਰੀ ਮੰਡੀਆਂ ਵਿੱਚ ਝੋਨੇ ਦੀ ਖਰੀਦ ਸਮੇਂ ਤੋਂ ਪਹਿਲਾਂ ਬੰਦ ਕਰਨਾ ਕਾਂਗਰਸ ਦਾ ਕਿਸਾਨ ਵਿਰੋਧੀ ਫੈਸਲਾ- ਬੱਬੇਹਾਲੀ
ਗੁਰਦਾਸਪੁਰ, 12 ਨਵੰਬਰ। ਝੋਨੇ ਦੀ ਸਰਕਾਰੀ ਮੰਡੀਆਂ ਵਿੱਚ ਖਰੀਦ ਸਮੇਂ ਤੋਂ ਪਹਿਲਾਂ ਬੰਦ ਕਰ ਕੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਇੱਕ ਵਾਰ ਫਿਰ ਆਪਣੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ । ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਕਹੀ ।
ਸਰਦਾਰ ਬੱਬੇਹਾਲੀ ਨੇ ਕਿਹਾ ਕਿ ਝੋਨੇ ਦੀ ਸਰਕਾਰੀ ਖਰੀਦ 10 ਨਵੰਬਰ ਤੋਂ ਬੰਦ ਹੈ ਅਤੇ ਪ੍ਰਾਈਵੇਟ ਤੌਰ ਤੇ ਇਸ ਦੀ ਖਰੀਦ ਕੀਤੀ ਨਹੀਂ ਜਾ ਰਹੀ । ਜੇਕਰ ਕਿਤੇ ਖਰੀਦ ਕੀਤੀ ਵੀ ਜਾ ਰਹੀ ਹੈ ਤਾਂ ਝੋਨਾ ਕੌਡੀਆਂ ਦੇ ਭਾਅ ਖਰੀਦਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਅਜੇ ਬਹੁਤ ਸਾਰੇ ਇਲਾਕਿਆਂ ਵਿੱਚ ਝੋਨੇ ਦੀ ਕਟਾਈ ਬਾਕੀ ਵੀ ਹੈ । ਪਰਮਲ ਦਾ ਭਾਅ ਵੀ ਕਿਸਾਨਾਂ ਨੂੰ ਸਿਰਫ 12 ਸੌ ਰੁਪਏ ਪ੍ਰਤੀ ਕੁਇੰਟਲ ਮਿਲ ਰਿਹਾ ਹੈ ਜੋ ਕਿ 17-18 ਸੌ ਰੁਪਏ ਬਣਦਾ ਹੈ ।
ਸਰਦਾਰ ਬੱਬੇਹਾਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਝੋਨੇ ਦੀ ਸਰਕਾਰੀ ਖਰੀਦ 30 ਨਵੰਬਰ ਤੱਕ ਜਾਰੀ ਰਹਿੰਦੀ ਸੀ । ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਸੂਬੇ ਦਾ ਕਿਸਾਨਾਂ ਦਾ ਸੋਸ਼ਣ ਹੋ ਰਿਹਾ ਹੈ ।