ਉਪ ਮੁੱਖ ਮੰਤਰੀ ਵੱਲੋਂ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਦਸਤਾਵੇਜ਼ਾਂ ਦਾ ਸੰਗ੍ਰਹਿ ਜਾਰੀ

ਸੰਗ੍ਰਹਿ ਬੈਂਕ ਕਰਮਚਾਰੀਆਂ ਲਈ ਲਾਹੇਵੰਦ ਹੋਵੇਗਾ: ਰੰਧਾਵਾ

ਸਹਿਕਾਰਤਾ ਮੰਤਰੀ ਨੇ ਪੀ.ਏ.ਡੀ.ਬੀ. ਦੇ ਸਟਾਫ਼ ਟ੍ਰੇਨਿੰਗ ਸੈਂਟਰ ਵਿੱਚ ਅਤਿ ਆਧੁਨਿਕ ਕੰਪਿਊਟਰ ਲੈਬ ਦਾ ਕੀਤਾ ਉਦਘਾਟਨ

ਚੰਡੀਗੜ੍ਹ, 10 ਨਵੰਬਰ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਪੀ.ਏ.ਡੀ.ਬੀ.) ਦੇ ਦਸਤਾਵੇਜ਼ਾਂ ਦਾ ਸੰਗ੍ਰਹਿ ਜਾਰੀ ਕੀਤਾ।

ਮਾਰਕਫੈਡ ਦੇ ਮੁੱਖ ਦਫਤਰ ਵਿਖੇ ਸੰਗ੍ਰਹਿ ਜਾਰੀ ਕਰਦਿਆ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੈਂਕ ਕਰਮਚਾਰੀਆਂ ਲਈ ਭਵਿੱਖ ਵਿੱਚ ਹਵਾਲਿਆਂ ਵਜੋਂ ਕੰਮ ਕਰੇਗਾ। ਸ. ਰੰਧਾਵਾ ਨੇ ਕਿਹਾ, “ਇਹ ਸੰਗ੍ਰਹਿ ਰੋਜ਼ਾਨਾ ਕਾਰਜਾਂ ਲਈ ਲਾਹੇਵੰਦ ਹੈ ਅਤੇ ਇਸ ਤਰ੍ਹਾਂ ਕੰਮ ਵਿੱਚ ਵਧੇਰੇ ਕਾਰਜ ਕੁਸ਼ਲਤਾ ਲਿਆਉਣ ਦੇ ਨਾਲ-ਨਾਲ ਸਮੇਂ ਦੀ ਬੱਚਤ ਕਰੇਗਾ।” ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਕਿਸਾਨਾਂ ਲਈ ਕਰਜ਼ੇ ਦੀ ਵੰਡ ਅਤੇ ਮਨਜ਼ੂਰੀ ਦੇ ਨਾਲ-ਨਾਲ ਫੈਸਲੇ ਲੈਣ ਵਿੱਚ ਤੇਜ਼ੀ ਆਵੇਗੀ।

ਸ. ਰੰਧਾਵਾ ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ ਵੀ ਹੈ, ਨੇ ਸੈਕਟਰ-17 ਚੰਡੀਗੜ੍ਹ ਵਿਖੇ ਸਥਿਤ ਬੈਂਕ ਦੇ ਸਟਾਫ਼ ਟ੍ਰੇਨਿੰਗ ਸੈਂਟਰ ਵਿੱਚ ਅਤਿ ਆਧੁਨਿਕ ਕੰਪਿਊਟਰ ਲੈਬ ਦਾ ਵਰਚੁਅਲ ਉਦਘਾਟਨ ਵੀ ਕੀਤਾ। ਇਹ ਸਿਖਲਾਈ ਕੇਂਦਰ ਨਾਬਾਰਡ ਦਾ ਮਾਨਤਾ ਪ੍ਰਾਪਤ ਕੇਂਦਰ ਹੈ ਅਤੇ ਸੂਬੇ ਦੇ ਲਗਭਗ 850 ਕਰਮਚਾਰੀਆਂ ਦੀਆਂ ਸਿਖਲਾਈ ਸਬੰਧੀ ਜ਼ਰੂਰਤਾਂ ਨੂੰ ਮੁਕੰਮਲ ਕਰੇਗਾ।

ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਐਮ.ਡੀ. ਰਾਜੀਵ ਕੁਮਾਰ ਗੁਪਤਾ ਨੇ ਉਪ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਸੰਗ੍ਰਹਿ ਅਤੇ ਲੈਬ ਦੀਆਂ ਵਿਸ਼ੇਸ਼ਤਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਪੀ.ਏ.ਡੀ.ਬੀ. ਦੀਆਂ ਸੂਬੇ ਭਰ ਵਿੱਚ 89 ਸ਼ਾਖਾਵਾਂ ਹਨ।

ਇਸ ਮੌਕੇ ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਰੁਣ ਰੂਜ਼ਮ, ਪੀ.ਏ.ਡੀ.ਬੀ. ਦੇ ਡੀ.ਜੀ.ਐਮ. ਜਗਦੀਪ ਘਈ ਅਤੇ ਜੀ.ਐਮ. ਰਾਜਵਿੰਦਰ ਕੌਰ ਰੰਧਾਵਾ ਹਾਜ਼ਰ ਸਨ।
———

FacebookTwitterEmailWhatsAppTelegramShare
Exit mobile version