ਜਲ੍ਹਿਆਂਵਾਲਾ ਬਾਗ਼ ਮੂਲ ਸਰੂਪ ਦੀ ਬਹਾਲੀ ਲਈ ਪ੍ਰਦਰਸ਼ਨ ਅਤੇ ਰੈਲੀ , ਜੇ ਆਵਾਜ਼ ਨਾ ਸੁਣੀ, ਗ਼ਦਰੀ ਬਾਬਿਆਂ ਦੇ ਮੇਲੇ ਤੇ ਕੀਤਾ ਜਾਏਗਾ ਅਗਲੇ ਐਕਸ਼ਨ ਦਾ ਐਲਾਨ

ਗੁਰਦਾਸਪੁਰ ( ਅਮਿ੍ਰਤਸਰ ) 23 ਅਕਤੂਬਰ ( ਅਸ਼ਵਨੀ ) :-  ਭਗਤ ਯਾਦਗਾਰ ਕਮੇਟੀ, ਦੀ ਅਗਵਾਈ ‘ਚ ਦਰਜਨਾਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਭੰਡਾਰੀ ਪੁਲ ਤੇ ਇਕੱਠੇ ਹੋ ਕੇ, ਜਲ੍ਹਿਆਂਵਾਲਾ ਬਾਗ਼ ਤੱਕ ਰੋਹ ਭਰਿਆ ਪ੍ਰਦਰਸ਼ਨ ਕਰਨ ਉਪਰੰਤ ਬਾਗ਼ ਦੇ ਦੁਆਰ ਅੱਗੇ ਰੈਲੀ ਕਰਕੇ ਜ਼ੋਰਦਾਰ ਮੰਗ ਕੀਤੀ ਗਈ ਕਿ ਜਲ੍ਹਿਆਂਵਾਲਾ ਬਾਗ਼ ਦੀ ਮਹਾਨ ਸਾਂਝੀ ਇਤਿਹਾਸਕ ਵਿਰਾਸਤ ਦੇ ਮੂਲ ਸਰੂਪ ਦੀ ਬਹਾਲੀ ਕੀਤੀ ਜਾਏ।

ਮੁਲਕ ਦੀ ਆਜ਼ਾਦੀ ਲਈ 1913 ਵਿੱਚ ਅਮਰੀਕਾ ਦੀ ਧਰਤੀ ਤੇ ਬਣੀ ਗ਼ਦਰ ਪਾਰਟੀ ਦੇ ਝੰਡਿਆਂ ਦੇ ਨਾਲ ਨਾਲ ਭਰਾਤਰੀ ਜਥੇਬੰਦੀਆਂ ਦੇ ਝੰਡੇ ਉਠਾਕੇ ਮਾਰਚ ਕਰਦੇ ਸੈਂਕੜੇ ਪ੍ਰਦਰਸ਼ਨਕਾਰੀ ਨਾਅਰਿਆਂ ਰਾਹੀਂ ਸੁਨੇਹਾ ਦੇ ਰਹੇ ਸਨ ਕਿ ਜੇਕਰ ਲੋਕ ਆਵਾਜ਼ ਵੱਲ ਕੰਨ ਨਾ ਕੀਤਾ ਗਿਆ ਤਾਂ ਅਗਲੇ ਦਿਨਾਂ ਵਿਚ ਕਮੇਟੀ ਵਲੋਂ ਕੀਤੇ ਜਾਣ ਵਾਲੇ ਤਿੱਖੇ ਰੋਸ ਐਕਸ਼ਨਾਂ ਦੀ ਜ਼ਿੰਮੇਵਾਰੀ ਹਕੂਮਤ ਦੀ ਹੋਏਗੀ।

ਬਾਗ਼ ਅੱਗੇ ਹੋਈ ਰੈਲੀ ‘ਚ ਖੜ੍ਹੇ ਹੋ ਕੇ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਅਤੇ ਬਾਗ਼ ਦੇ ਸਾਕੇ ਤੋਂ ਪ੍ਰਭਾਵਿਤ ਹੋ ਕੇ ਅੱਗੇ ਤੁਰੀਆਂ ਲਹਿਰਾਂ ਦੇ ਸੰਗਰਾਮੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। 

 ਰੈਲੀ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ,ਮੀਤ ਪ੍ਰਧਾਨ ਸੀਤਲ ਸਿੰਘ ਸੰਘਾ,ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਦਰਸ਼ਨ ਖਟਕੜ, ਅਮੋਲਕ ਸਿੰਘ, ਹਰਦੇਵ ਅਰਸ਼ੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕਰੋਨਾ ਦੀ ਆੜ ਲੈਕੇ ਗਿਣੀ ਮਿਥੀ ਯੋਜਨਾ ਤਹਿਤ ਮੋਦੀ ਦੀ ਸਰਪ੍ਰਸਤੀ ਹੇਠ ਭਾਜਪਾ ਹਕੂਮਤ ਨੇ ਜਲ੍ਹਿਆਂਵਾਲਾ ਬਾਗ਼ ਅੰਦਰ ਦਾਖਲਾ ਬੰਦ ਕਰਕੇ ਇਤਿਹਾਸਕਾਰਾਂ, ਦੇਸ਼ ਭਗਤ ਸੰਸਥਾਵਾਂ ਪੱਤਰਕਾਰਾਂ ਤੋਂ ਓਹਲਾ ਰੱਖਕੇ, ਆਜ਼ਾਦੀ ਦੀ ਰੌਸ਼ਨ ਮਸ਼ਾਲ ਬਾਗ ਦੀ ਇਤਿਹਾਸਕਾਰੀ ਨਾਲ ਖਿਲਵਾੜ ਕਰਨ ਦਾ ਨਾ ਕਾਬਲੇ ਮਾਫ਼ ਕੁਕਰਮ ਕੀਤਾ ਹੈ।

 ਬੁਲਾਰਿਆਂ ਨੇ ਕਿਹਾ ਕਿ ਵਰ੍ਹਿਆਂ ਤੋਂ ਜ਼ੋ ਦੇਸ਼ ਭਗਤਾਂ ਵਲੋਂ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਉਹੀ ਹੋਇਆ। ਬੁਲਾਰਿਆਂ ਦੋਸ਼ ਲਾਇਆ ਕਿ ਮੋਦੀ ਹਕੂਮਤ ਨੇ ਬਾਗ਼ ਸਮੇਤ ਸਭਨਾਂ ਹੀ ਯਾਦਗਾਰਾਂ, ਇਤਿਹਾਸਕ ਸਿਲੇਬਸਾਂ, ਸਾਹਿਤ, ਕਲਾ ਕਿਰਤਾਂ ਨਾਲ਼ ਛੇੜ ਛਾੜ ਕਰਨ , ਬਦਲਣ, ਮਿਟਾਉਣ ਖੋਟ ਰਲਾਉਣ ਦਾ ਧੰਦਾ ਫੜ ਰੱਖਿਆ ਹੈ। ਰੈਲੀ ਦੌਰਾਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਖਜ਼ਾਨਚੀ ਰਣਜੀਤ ਸਿੰਘ ਔਲਖ ਵੱਲੋਂ ਰੱਖੇ ਮਤੇ ਹੱਥ ਖੜ੍ਹੇ ਕਰਕੇ  ਪਾਸ ਕੀਤੇ ਗਏ ਕਿ, ਜਲ੍ਹਿਆਂਵਾਲਾ ਬਾਗ਼ ਦਾ ਮੂਲ ਸਰੂਪ ਬਹਾਲ ਕੀਤਾ ਜਾਏ।ਅੱਧੇ ਪੰਜਾਬ ਨੂੰ ਸੀਮਾ ਸੁਰੱਖਿਆ ਦਲ ਦੇ ਹਵਾਲੇ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ। ਲਖੀਮਪੁਰ ਕਿਸਾਨਾਂ ਦੇ ਵਹਿਸੀਆਨਾ ਕਾਰੇ ਦੇ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਉਸਦੇ ਪੁੱਤਰ ਬਾਰੇ ਕਿਸਾਨ ਅਤੇ ਲੋਕ ਪੱਖੀ ਸੰਸਥਾਵਾਂ ਵੱਲੋਂ ਕਾਰਵਾਈ ਦੀ ਕੀਤੀ ਜਾ ਰਹੀ ਮੰਗ ਪ੍ਰਵਾਨ ਕੀਤੀ ਜਾਏ।  ਦਿੱਲੀ ਮੋਰਚੇ ਤੇ ਭਾਜਪਾ ਹਕੂਮਤ ਦੇ ਸ਼ਿਸ਼ਕਰੇ ਹੋਏ ਤੱਤਾਂ ਵੱਲੋਂ ਘ੍ਰਿਣਤ ਕਾਰਵਾਈਆਂ ਕਰਕੇ ਫਿਰਕੂ ਫਾਸ਼ੀ ਝੱਖੜ ਝੁਲਾਉਣ ਲਈ ਕੀਤੇ ਜਾ ਰਹੇ ਕਾਰੇ ਬੰਦ ਕੀਤੇ ਜਾਣ। ਇਸ ਮੌਕੇ ਉੱਤੇ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਦੀ ਅਸਥੀ ਯਾਤਰਾ ਪਹੁੰਚੀ ਜਿਸਨੂੰ ਰੈਲੀ ਵਿਚ ਸ਼ਾਮਿਲ ਸਾਰੇ ਲੋਕਾਂ ਵਲੋਂ ਖੜੇ ਹੋ ਕੇ ਜ਼ੋਰਦਾਰ ਨਾਅਰਿਆਂ ਦੀ ਗੂੰਜ ਵਿਚ ਸ਼ਰਧਾਂਜਲੀ ਭੇਟ ਕੀਤੀ ਗਈ।  ਇੱਕ ਹੋਰ ਮਤੇ ਰਾਹੀਂ ਇਹ ਐਲਾਨ ਵੀ ਕੀਤਾ ਗਿਆ ਕਿ ਜੇਕਰ ਅੱਜ ਦੇ ਰੋਸ ਪ੍ਰਦਰਸ਼ਨ ਮਗਰੋਂ ਵੀ ਜਲ੍ਹਿਆਂਵਾਲੇ ਬਾਗ਼ ਦਾ ਮੂਲ ਸਰੂਪ ਬਹਾਲ ਨਾ ਕੀਤਾ ਗਿਆ ਤਾਂ ਪਹਿਲੀ ਨਵੰਬਰ ਗ਼ਦਰੀ ਬਾਬਿਆਂ ਦੇ ਮੇਲੇ ਮੌਕੇ ਜੁੜੇ ਇਕੱਠ ਦੀ ਪ੍ਰਵਾਨਗੀ ਲੈਕੇ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਏਗਾ।

ਸਮਾਗਮ ਦੇ ਸਿਖ਼ਰ ਤੇ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਜਦੋ ਤੱਕ ਬਾਗ਼ ਦਾ ਮੂਲ ਸਰੂਪ ਬਹਾਲ ਨਹੀਂ ਕੀਤਾ ਜਾਂਦਾ ਉਸ ਵੇਲੇ ਤੱਕ ਅਸੀਂ ਜੱਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਜਾਰੀ ਰੱਖਾਂਗੇ। 

 ਅੱਜ ਦੇ ਸਮਾਗਮ ਦਾ ਮੰਚ ਸੰਚਾਲਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਡਾ਼ ਪਰਮਿੰਦਰ ਸਿੰਘ ਨੇ ਕੀਤਾ।ਇਸ ਸਮੁੱਚੇ ਰੋਸ ਪ੍ਰਦਰਸ਼ਨ ਨੂੰ ਸਫਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ,ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ,ਕਿਰਤੀ ਕਿਸਾਨ ਯੂਨੀਅਨ,ਕਿਰਤੀ ਕਿਸਾਨ ਯੂਨੀਅਨ ਪੰਜਾਬ,ਤਰਕਸ਼ੀਲ ਸੁਸਾਇਟੀ ਪੰਜਾਬ,ਜਮਹੂਰੀ ਅਧਿਕਾਰ ਸਭਾ,ਭਾਰਤੀ ਕਿਸਾਨ ਯੂਨੀਅਨ ਡਕੌਂਦਾ,ਦਿਹਾਤੀ ਮਜ਼ਦੂਰ ਯੂਨੀਅਨ,ਪੰਜਾਬ ਖੇਤ ਮਜ਼ਦੂਰ ਯੂਨੀਅਨ,ਦਿਹਾਤੀ ਖੇਤ ਮਜ਼ਦੂਰ ਸਭਾ, ਟੈਕਨੀਕਲ ਸਰਵਿਸ ਯੂਨੀਅਨ,ਸੀਟੂ,ਏਟਕ,ਪੰਜਾਬ ਸਟੂਡੈਂਟਸ ਯੂਨੀਅਨ,ਪੀ ਐਸ ਯੂ ਸ਼ਹੀਦ ਰੰਧਾਵਾ,ਪੀ ਐਸ ਯੂ ਲਲਕਾਰ,ਸ਼ਹੀਦ ਭਗਤ ਸਿੰਘ ਨੌਜਵਾਨ ਸਭਾ,ਪੰਜਾਬ ਇਸਤਰੀ ਸਭਾ,ਫੋਕੋਲੋਰ ਰਿਸਰਚ ਅਕਾਦਮੀ, ਜਲ੍ਹਿਆਂਵਾਲਾ ਬਾਗ਼ ਸੰਘਰਸ਼ ਕਮੇਟੀ,ਬੀ ਕੇ ਯੂ ਰਾਜੇਵਾਲ,ਡੀ ਟੀ ਐਫ, ਡੀ ਐਮ ਐਫ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਅਤੇ ਸੈਂਕੜੇ ਕਾਰਕੁਨਾਂ ਨੇ ਸ਼ਮੂਲੀਅਤ ਕੀਤੀ।

FacebookTwitterEmailWhatsAppTelegramShare
Exit mobile version